
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੂੰ ਬੀਸੀਸੀਆਈ ਤੋਂ ਮੁਆਵਜ਼ਾ ਮੰਗਣ ਦੇ ਮਾਮਲੇ 'ਚ ਇੰਟਰਨੈਸ਼ਨਲ ਕ੍ਰਿਕਟ ਬੋਰਡ (ਆਈਸੀਸੀ) ਤੋਂ ਵੱਡਾ ਝਟਕਾ ਲੱਗਿਆ ਹੈ...
ਦੁਬਈ (ਭਾਸ਼ਾ) : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੂੰ ਬੀਸੀਸੀਆਈ ਤੋਂ ਮੁਆਵਜ਼ਾ ਮੰਗਣ ਦੇ ਮਾਮਲੇ 'ਚ ਇੰਟਰਨੈਸ਼ਨਲ ਕ੍ਰਿਕਟ ਬੋਰਡ (ਆਈਸੀਸੀ) ਤੋਂ ਵੱਡਾ ਝਟਕਾ ਲੱਗਿਆ ਹੈ। ਆਈਸੀਸੀ ਦੇ ਵਿਵਾਦ ਨਿਵਾਰਨ ਕਮੇਟੀ ਨੇ ਬੀਸੀਸੀਆਈ ਦੇ ਖ਼ਿਲਾਫ਼ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਆਵਜ਼ੇ ਦੇ ਦਾਅਵੇ ਨੂੰ ਖ਼ਾਰਿਜ਼ ਕਰ ਦਿਤਾ ਹੈ। ਪੀਸੀਬੀ ਨੇ ਭਾਰਤੀ ਕ੍ਰਿਕਟ ਬੋਰਡ 'ਤੇ ਦੁਵੱਲੇ ਸੀਰੀਜ਼ ਨਾਲ ਜੁੜੇ ਸਹਿਮਤੀ ਪੱਤਰ (ਏਐਮਯੂ) ਦਾ ਸਨਮਾਨ ਨਾ ਕਰਨ ਦਾ ਦੋਸ਼ ਲਗਾਇਆ ਸੀ। ਆਈਸੀਸੀ ਨੇ ਅਪਣੇ ਆਫ਼ੀਸ਼ੀਅਲ ਟਵੀਟਰ 'ਤੇ ਲਿਖਿਆ ਹੈ।
ਕਿ 'ਵਿਵਾਦ ਨਿਵਾਰਨ ਕਮੇਟੀ ਨੇ ਬੀਸੀਸੀਆਈ ਦੇ ਖ਼ਿਲਾਫ਼ ਪਾਕਿਸਤਾਨ ਦੇ ਮਾਮਲੇ ਨੂੰ ਖ਼ਾਰਿਜ਼ ਕਰ ਦਿਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਬੀਸੀਸੀਆਈ 'ਤੇ ਏਐਮਯੂ ਦਾ ਸਨਮਾਨ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ 447 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਏਐਮਯੂ ਦੇ ਤਹਿਤ ਭਾਰਤ ਨੂੰ 2015 ਤੋਂ 2023 ਦੇ ਵਿਚ ਪਾਕਿਸਤਾਨ ਨਾਲ ਦੁਵੱਲੇ ਛੇ ਸੀਰੀਜ਼ ਖੇਡਣੀਆਂ ਸੀ। ਬੀਸੀਸੀਆਈ ਨੇ ਇਸ ਦਾ ਜਵਾਬ ਦਿੰਦੇ ਕਿਹਾ ਕਿ ਉਹ ਇਸ ਕਥਿਤ ਏਐਮਯੂ ਨੂੰ ਮੰਨਣ ਲਈ ਬਾਉਂਡ ਨਹੀਂ ਹੈ। ਇਹ ਕੋਈ ਮਾਇਨੇ ਨਹੀ ਰੱਖਦਾ ਕਿਉਂਕਿ ਪਾਕਿਸਤਾਨ ਨੇ ਭਾਰਤ ਸਿਫ਼ਾਰਸ਼ੀ ਆਈਸੀਸੀ ਦੇ ਰੈਵੇਨਿਊ ਮਾਡਲ 'ਤੇ ਸਮਰਥਨ ਦੀ ਵਚਨਬੱਧਤਾ ਪੂਰੀ ਨਹੀਂ ਕੀਤੀ।
ਇਸ ਤੋਂ ਬਾਅਦ ਪੀਸੀਬੀ ਨੇ ਬੀਸੀਸੀਆਈ ਦੇ ਖ਼ਿਲਾਫ਼ ਆਈਸੀਸੀ 'ਚ ਅਪੀਲ ਕੀਤੀ। ਪੀਸੀਬੀ ਨੇ ਕਿਹਾ ਕਿ ਬੀਸੀਸੀਆਈ ਦੇ ਏਐਮਯੂ ਤੋਂ ਮੁਕਰਨ ਨਾਲ ਉਸ ਨੂੰ ਆਰਥਿਕ ਰੂਪ 'ਚ ਨੁਕਸਾਨ ਹੋਇਆ ਹੈ। ਆਈਸੀਸੀ ਨੇ ਇਸ ਤੋਂ ਬਾਅਦ ਪੀਸੀਬੀ ਦੇ ਮੁਆਵਜੇ ਦੇ ਦਾਅਵੇ 'ਤੇ ਵਿਚਾਰਨ ਲਈ ਤਿੰਨ ਮੈਂਬਰੀ ਵਿਵਾਦ ਨਿਵਾਰਨ ਕਮੇਟੀ ਬਣਾਈ ਸੀ। ਇਸ ਮਾਮਲੇ ਦੀ ਸੁਣਵਾਈ 1 ਅਕਤੂਬਰ ਤੋਂ ਲੈ ਕੇ 3 ਅਕਤੂਬਰ ਤਕ ਆਈਸੀਸੀ ਦੇ ਮੁੱਖ ਦਫ਼ਤਰ ਵਿਚ ਹੋਈ। ਸਾਬਕਾ ਵਿਦੇਸ਼ੀ ਮੰਤਰੀ ਸਲਮਾਨ ਖੁਰਸ਼ੀਦ ਵੀ ਸ਼ਾਮਲ ਰਹੇ।
ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਦੇ ਮੁਤਾਬਿਕ ਖੁਰਸ਼ੀਦ ਨੇ ਸੁਰੱਖਿਆ ਕਾਰਨਾਂ ਤੋਂ ਪਾਕਿਸਤਾਨ ਦੇ ਨਾਲ ਦੁਵੱਲੇ ਕ੍ਰਿਕਟ ਸੀਰੀਜ਼ ਖੇਡਣ ਤੋਂ ਇਨਕਾਰ ਕਰਨ ਦੇ ਭਾਰਤ ਦੇ ਰੁਖ ਨੂੰ ਸਹੀ ਦੱਸਿਆ ਹੈ। ਨਵੰਬਰ 2008 'ਚ ਮੁੰਬਈ 'ਤੇ ਹੋਏ ਅਤਿਵਾਦੀ ਹਮਲੇ ਨੇ ਵੀ ਭਾਰਤ-ਪਾਕਿਸਤਾਨ ਦੇ ਕ੍ਰਿਕਟ ਰਿਸ਼ਤੇ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਭਾਰਤ ਮੁੰਬਈ 'ਚ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਜਮੀਨ 'ਤੇ ਇਕ ਵੀ ਮੈਚ ਨਹੀਂ ਖੇਡਿਆ, ਹਾਲਾਂਕਿ ਉਹ ਵਿਸ਼ਵ ਕੱਪ, ਏਸ਼ੀਆ ਕੱਪ ਵਰਗੇ ਆਈਸੀ ਦੇ ਟੂਰਨਾਮੈਂਟ ਵਿਚ ਪਾਕਿਸਤਾਨ ਨਾਲ ਖੇਡਦਾ ਰਿਹਾ ਹੈ।