ਅਜੇ ਚੌਟਾਲਾ ਨੇ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਮੰਦਰ ਨੂੰ ਦਿੱਤੀ ਸੀ 17 ਕਿੱਲੋ ਦੀ ਇੱਟ
ਹਿਸਾਰ: ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿਚ ਲੋਕ ਦੇਵਤਾ ਤੇਜਾ ਜੀ ਦੇ ਮੰਦਰ ਦੀ ਉਸਾਰੀ ਲਈ ਦਿੱਤੀ ਗਈ ਚਾਂਦੀ ਦੀ ਇੱਟ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਇਹ ਇੱਟ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਕੌਮੀ ਪ੍ਰਧਾਨ ਅਜੇ ਚੌਟਾਲਾ ਨੇ ਦਿੱਤੀ ਸੀ। ਉਸਾਰੀ ਦੇ ਕੰਮ ਦੌਰਾਨ ਜਦੋਂ ਇਹ ਇੱਟ ਜੇਸੀਬੀ ਨਾਲ ਟੁੱਟ ਗਈ ਤਾਂ ਇਸ ਮਗਰੋਂ ਵਿਵਾਦ ਹੋ ਗਿਆ। ਹਾਲਾਂਕਿ ਚੌਟਾਲਾ ਪਰਿਵਾਰ ਦਾ ਮੰਨਣਾ ਹੈ ਕਿ ਇੱਟ ਨੂੰ ਬਦਲਿਆ ਗਿਆ ਹੈ। ਇਸ ਦੇ ਬਾਵਜੂਦ ਕਿਸੇ ਕਿਸਮ ਦੇ ਝਗੜੇ ਤੋਂ ਬਚਣ ਲਈ ਉਹਨਾਂ ਨੇ ਆਪਣੇ ਨੁਮਾਇੰਦੇ ਜੀਂਦ ਦੇ ਯੂਥ ਪ੍ਰਧਾਨ ਬਿੱਟੂ ਨੈਨ ਨੂੰ ਭੇਜ ਕੇ ਇਸ ਇੱਟ ਨੂੰ ਵਾਪਸ ਮੰਗਵਾ ਲਿਆ ਹੈ। ਇਸ ਦੇ ਬਦਲੇ ਉਹ 11 ਲੱਖ ਰੁਪਏ ਨਕਦ ਦੇਣਗੇ ਤਾਂ ਜੋ ਮੰਦਰ ਕਮੇਟੀ ਆਪਣੇ ਪੱਧਰ 'ਤੇ ਇਸ ਨੂੰ ਖਰੀਦ ਕੇ ਲਗਵਾ ਸਕੇ। ਇਸ ਦੇ ਨਾਲ ਹੀ ਇੱਟ ਦੀ ਜਾਂਚ ਵੀ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ: ਵਿਰੋਧੀਆਂ ਦਾ ਪੰਜਾਬ ਨੂੰ ਫ਼ਿਰਕੂ ਅੱਗ ਦਾ ਤੰਦੂਰ ਬਣਾ ਕੇ ਰੋਟੀਆਂ ਸੇਕਣ ਦਾ ਸੁਪਨਾ ਪੂਰਾ ਨਹੀਂ ਹੋਣ ਦੇਵਾਂਗੇ: ਸੀਐੱਮ
ਇਹ ਹੈ ਪੂਰਾ ਮਾਮਲਾ
10 ਜੂਨ 2022 ਨੂੰ ਅਜੇ ਚੌਟਾਲਾ ਰਾਜਸਥਾਨ ਦੇ ਨਾਗੌਰ ਗਏ ਸਨ। ਉਸ ਸਮੇਂ ਮੰਦਰ ਦੀ ਉਸਾਰੀ ਚੱਲ ਰਹੀ ਸੀ। ਉਹਨਾਂ ਨੇ ਮੰਦਰ ਨੂੰ 17 ਕਿਲੋ ਚਾਂਦੀ ਦੀ ਇੱਟ ਭੇਟ ਕੀਤੀ। ਜਿਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇੱਥੇ 10 ਦਿਨ ਪਹਿਲਾਂ ਉਸਾਰੀ ਦੇ ਕੰਮ ਦੌਰਾਨ ਜੇਸੀਬੀ ਨਾਲ ਇਹ ਇੱਟ ਟੁੱਟ ਗਈ ਸੀ। ਫਿਰ ਪਤਾ ਲੱਗਿਆ ਕਿ ਇਸ ਦੇ ਬਾਹਰ ਸਿਰਫ ਚਾਂਦੀ ਦੀ ਪਰਤ ਹੈ। ਇਸ ਗੱਲ ਨੂੰ ਲੈ ਕੇ ਪਿੰਡ ਵਾਸੀਆਂ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਉਹਨਾਂ ਨੂੰ ਚਾਂਦੀ ਦੀ ਇੱਟ ਦੱਸ ਕੇ ਨਕਲੀ ਇੱਟ ਦਿੱਤੀ ਗਈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਚੌਟਾਲਾ ਪਰਿਵਾਰ ਇੱਟ ਵਾਪਸ ਲੈ ਆਇਆ।
ਇਹ ਵੀ ਪੜ੍ਹੋ: 50 ਸਾਲ ਤੋਂ ਸੰਘਰਸ਼ ਕਰ ਰਹੀ 80 ਸਾਲਾ ਫੌਜੀ ਵਿਧਵਾ ਨੂੰ ਮਿਲੀ ਪੈਨਸ਼ਨ, ਮਿਲੇਗਾ 12 ਹਜ਼ਾਰ ਪ੍ਰਤੀ ਮਹੀਨਾ
ਇਸ ਮਾਮਲੇ 'ਚ ਚੌਟਾਲਾ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਮੰਦਰ ਨੂੰ 6 ਕਰੋੜ ਰੁਪਏ ਦੀ ਚੰਦਾ ਰਾਸ਼ੀ ਦੇ ਚੁੱਕੇ ਹਨ। ਅਜਿਹੀ ਸਥਿਤੀ ਵਿਚ ਨਕਲੀ ਇੱਟਾਂ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਇੱਟ ਇਸ ਤਰ੍ਹਾਂ ਕਿਵੇਂ ਨਿਕਲੀ, ਅਸੀਂ ਇਸ ਦੀ ਜਾਂਚ ਕਰਵਾਵਾਂਗੇ। ਫਿਲਹਾਲ ਮੰਦਰ ਨੂੰ ਇੱਟ ਦੀ ਕੀਮਤ ਦੇ ਬਰਾਬਰ ਨਕਦੀ ਦਿੱਤੀ ਜਾ ਰਹੀ ਹੈ। ਜੇਜੇਪੀ ਦੇ ਹਰਿਆਣਾ ਮੀਡੀਆ ਇੰਚਾਰਜ ਦੀਪਕ ਕਮਲ ਸਹਾਰਨ ਨੇ ਕਿਹਾ ਕਿ ਅਸੀਂ ਇੱਟ ਵਾਪਸ ਲੈ ਲਈ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਇਹ ਉਹੀ ਇੱਟ ਹੈ ਜੋ ਅਜੇ ਚੌਟਾਲਾ ਨੇ ਦਿੱਤੀ ਸੀ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਟ੍ਰੋਲਿੰਗ ’ਤੇ ਬੋਲੇ ਸੀਜੇਆਈ ਚੰਦਰਚੂੜ, “ਲੋਕਾਂ ’ਚ ਸਬਰ ਅਤੇ ਸਹਿਣਸ਼ੀਲਤਾ ਦੀ ਕਮੀ ਹੋ ਰਹੀ ਹੈ”
ਚੌਟਾਲਾ ਪਰਿਵਾਰ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੇ 6 ਕਰੋੜ ਰੁਪਏ ਦਿੱਤੇ ਹਨ ਤਾਂ ਉਹ ਨਕਲੀ ਚਾਂਦੀ ਦੀ ਇੱਟ ਕਿਉਂ ਦੇਣਗੇ। ਇਸ ਲਈ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿਚ ਮੰਦਰ ਕਮੇਟੀ ਵੀ ਚੌਟਾਲਾ ਪਰਿਵਾਰ ਦੇ ਹੱਕ ਵਿਚ ਆ ਗਈ ਹੈ। ਕਮੇਟੀ ਦੇ ਖਜ਼ਾਨਚੀ ਭੰਵਰਮ ਧੌਲੀਆ, ਕੰਵਰਰਾਮ, ਦਿਨੇਸ਼ ਅਤੇ ਰਾਜਪਾਲ ਨੇ ਕਿਹਾ ਕਿ ਚੌਟਾਲਾ ਪਰਿਵਾਰ ਅਜਿਹਾ ਕੁਝ ਨਹੀਂ ਕਰ ਸਕਦਾ। ਇਹ ਗੜਬੜੀ ਕਿਸੇ ਹੋਰ ਨੇ ਕੀਤੀ ਹੈ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਇੱਟ ਕਿਸ ਨੇ ਅਤੇ ਕਿੱਥੋਂ ਬਣਵਾਈ। ਮੰਦਰ ਕਮੇਟੀ ਦੇ ਪ੍ਰਧਾਨ ਸੁਖਰਾਮ ਖੁਦਖੁੜੀਆ ਨੇ ਦੱਸਿਆ ਕਿ ਮੰਦਰ ਵਿਚ ਲੱਗੀ ਚਾਂਦੀ ਦੀ ਇੱਟ ਨਕਲੀ ਨਿਕਲੀ ਹੈ। ਚੌਟਾਲਾ ਪਰਿਵਾਰ ਨੂੰ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਨਾਲ ਲੋਕਾਂ ਦੇ ਵਿਸ਼ਵਾਸ ਨੂੰ ਠੇਸ ਪੁੱਜੀ ਹੈ।