
ਬਾਰਾਮੂਲਾ ਜ਼ਿਲ੍ਹੇ ਵਿਚ ਹੋਏ ਮੁਕਾਬਲੇ ਦੌਰਾਨ ਦੋ ਅਤਿਵਾਦੀ ਅਤੇ ਇਕ ਫ਼ੌਜੀ ਮਾਰੇ ਗਏ
ਸ੍ਰੀਨਗਰ : ਬਾਰਾਮੂਲਾ ਜ਼ਿਲ੍ਹੇ ਵਿਚ ਹੋਏ ਮੁਕਾਬਲੇ ਦੌਰਾਨ ਦੋ ਅਤਿਵਾਦੀ ਅਤੇ ਇਕ ਫ਼ੌਜੀ ਮਾਰੇ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਕਾਬਲਾ ਉਦੋਂ ਸ਼ੁਰੂ ਹੋਇਆ ਜਦ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਉਦੋਂ ਸੁਰੱਖਿਆ ਬਲ ਪਿੰਡ ਦੂਰਸੂ ਵਿਚ ਤਲਾਸ਼ੀ ਮੁਹਿੰਮ ਚਲਾ ਰਹੇ ਸਨ। ਖ਼ਬਰ ਮਿਲੀ ਸੀ ਕਿ ਪਿੰਡ ਵਿਚ ਅਤਿਵਾਦੀ ਲੁਕੇ ਹੋਏ ਹਨ। ਡੀਜੀਪੀ ਐਸ ਪੀ ਵੈਦ ਨੇ ਦਸਿਆ ਕਿ ਦੋ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਫ਼ੌਜ ਦੇ ਅਧਿਕਾਰੀ ਨੇ ਦਸਿਆ ਕਿ ਮੁਕਾਬਲੇ ਦੌਰਾਨ ਫ਼ੌਜੀ ਵੀ ਮਾਰਿਆ ਗਿਆ।
ਵਿਦਿਆਰਥੀ ਤੋਂ ਅਤਿਵਾਦੀ ਬਣਿਆ ਖ਼ੁਰਸ਼ੀਦ ਵੀ ਮੁਕਾਬਲੇ ਵਿਚ ਮਾਰਿਆ ਗਿਆ। ਬੀਟੈਕ ਵਿਦਿਆਰਥੀ ਖ਼ੁਰਸ਼ੀਦ ਅਹਿਮਦ ਮਲਿਕ ਨੇ ਦੋ ਦਿਨ ਪਹਿਲਾਂ ਅਤਿਵਾਦ ਦਾ ਰਸਤਾ ਅਪਣਾ ਲਿਆ ਸੀ। ਦੂਜਾ ਅਤਿਵਾਦੀ ਸੋਪੋਰ ਦਾ ਰਹਿਣ ਵਾਲਾ ਸੀ। ਜਿਵੇਂ ਹੀ ਸੁਰੱਖਿਆ ਬਲਾਂ ਦੀ ਮੌਜੂਦਗੀ ਦੀ ਖ਼ਬਰ ਅਤਿਵਾਦੀਆਂ ਨੂੰ ਮਿਲੀ, ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਖ਼ੁਰਸ਼ੀਦ ਦੋ ਦਿਨ ਪਹਿਲਾਂ ਘਰ ਤੋਂ ਗ਼ਾਇਬ ਹੋ ਗਿਆ ਸੀ। ਉਸ ਦੇ ਪਰਵਾਰ ਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਉਸ ਨੇ ਅਤਿਵਾਦੀ ਗੁੱਟ ਦਾ ਪੱਲਾ ਫੜ ਲਿਆ ਹੈ। ਅਤਿਵਾਦੀ ਬਣਨ ਦੇ ਸਿਰਫ਼ 48 ਘੰਟਿਆਂ ਅੰਦਰ ਉਹ ਮਾਰਿਆ ਗਿਆ। (ਏਜੰਸੀ)