
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਤਿੰਨ ਅਤਿਵਾਦੀਆਂ ਨੂੰ ਮਾਰ ਦਿਤਾ ਗਿਆ। ਇਸੇ ਦੌਰਾਨ ਮੁਕਾਬਲੇ ਵਾਲੀ ਥਾਂ ਲਾਗੇ ਪੱਥਰਬਾਜ਼ਾਂ ਅਤੇ...
ਸ੍ਰੀਨਗਰ, ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਤਿੰਨ ਅਤਿਵਾਦੀਆਂ ਨੂੰ ਮਾਰ ਦਿਤਾ ਗਿਆ। ਇਸੇ ਦੌਰਾਨ ਮੁਕਾਬਲੇ ਵਾਲੀ ਥਾਂ ਲਾਗੇ ਪੱਥਰਬਾਜ਼ਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਏ ਸੰਘਰਸ਼ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀ ਨੇ ਦਸਿਆ ਕਿ ਸੁਰੱਖਿਆ ਬਲਾਂ ਨੂੰ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਪਤਾ ਲੱਗਾ ਸੀ ਜਿਸ ਮਗਰੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਲਈ ਗਈ। ਅਤਿਵਾਦੀ ਘਰ ਵਿਚ ਲੁਕੇ ਹੋਏ ਸਨ। ਉਧਰ, ਭੀੜ ਨੇ ਸੁਰੱਖਿਆ ਬਲਾਂ ਉਥੇ ਪੱਥਰਾਂ ਨਾਲ ਹਮਲਾ ਕਰ ਦਿਤਾ।
ਇਸ ਤੋਂ ਪਹਿਲਾਂ ਸਵੇਰੇ ਕੁਪਵਾੜਾ ਜ਼ਿਲ੍ਹੇ ਦੇ ਜੰਗਲਾਂ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਅਗਿਆਤ ਅਤਿਵਾਦੀ ਮਾਰਿਆ ਗਿਆ। ਫ਼ੌਜ ਦੇ ਅਧਿਕਾਰੀ ਨੇ ਦਸਿਆ ਕਿ ਸੁਰੱਖਿਆ ਬਲਾਂ ਨੇ ਕੁਪਵਾੜਾ ਦੇ ਜੰਗਲੀ ਖੇਤਰ ਵਿਚ ਅਤਿਵਾਦੀਆਂ ਦੇ ਹੋਣ ਦੀ ਖ਼ਬਰ ਮਿਲਣ ਮਗਰੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦਸਿਆ ਕਿ ਦੋਹਾਂ ਧਿਰਾਂ ਵਿਚਕਾਰ ਗੋਲੀਬਾਰੀ ਵਿਚ ਅਤਿਵਾਦੀ ਮਾਰਿਆ ਗਿਆ। ਮਾਰੇ ਗਏ ਅਤਿਵਾਦੀ ਦੀ ਪਛਾਣ ਨਹੀਂ ਹੋ ਸਕੀ ਅਤੇ ਇਹ ਵੀ ਨਹੀਂ ਪਤਾ ਲੱਗਾ ਕਿ ਉਹ ਕਿਸ ਜਥੇਬੰਦੀ ਨਾਲ ਜੁੜਿਆ ਹੋਇਆ ਸੀ।
ਸਵੇਰੇ ਸੁਰੱਖਿਆ ਬਲਾਂ ਦੀ ਗਸ਼ਤ ਕਰਨ ਵਾਲੀ ਟੀਮ 'ਤੇ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਵਿਚ ਗੋਲੀਆਂ ਚਲਾਈਆਂ। ਨੇੜਲੇ ਕੈਂਪਾਂ ਤੋਂ ਵਾਧੂ ਸੁਰੱਖਿਆ ਬਲ ਦੇ ਜਵਾਨ ਮੌਕੇ 'ਤੇ ਪਹੁੰਚੇ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜੰਗਲਾਂ ਵਿਚ ਵੀਰਵਾਰ ਦੇਰ ਰਾਤ ਤੋਂ ਹੀ ਗੋਲੀਬਾਰੀ ਸ਼ੁਰੂ ਹੋ ਗਈ ਸੀ। ਘਾਟੀ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਅਤਿਵਾਦੀਆਂ ਵਲੋਂ ਫ਼ੌਜ ਦੀ ਗਸ਼ਤ ਪਾਰਟੀ 'ਤੇ ਹਮਲਾ ਕਰ ਦਿਤਾ ਗਿਆ।
ਅਤਿਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕਰ ਦਿਤਾ। ਹਮਲੇ ਵਿਚ ਤਿੰਨ ਸੁਰੱਖਿਆ ਜਵਾਨ ਜ਼ਖ਼ਮੀ ਹੋ ਗਏ। ਅਮਰਨਾਥ ਯਾਤਰਾ ਕਾਰਨ ਘਾਟੀ ਵਿਚ ਸੁਰੱਖਿਆ ਕਾਫ਼ੀ ਸਖ਼ਤ ਕੀਤੀ ਹੋਈ ਹੈ ਕਿਉਂਕਿ ਖ਼ੁਫ਼ੀਆ ਰੀਪੋਰਟ ਸੀ ਕਿ ਅਤਿਵਾਦੀ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਵਾਰ ਸੁਰੱਖਿਆ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਸਖ਼ਤ ਕੀਤੀ ਹੋਈ ਹੈ। ਇਸ ਦੇ ਨਾਲ ਹੀ ਘਾਟੀ ਵਿਚ ਬੀਐਸਐਫ ਦੇ ਨਾਲ ਇਸ ਵਾਰ ਐਨਐਸਜੀ ਕਮਾਂਡੋ ਵੀ ਕੰਮ ਕਰ ਰਹੀ ਹੈ। (ਏਜੰਸੀ)