
ਕਾਂਗਰਸ ਨਾਲ ਮਤਭੇਦ ਪਹਿਲਾਂ ਵੀ ਸੀ ਤੇ ਅੱਗੇ ਵੀ ਰਹਿਣਗੇ ਪਰ ਅਸੀਂ ਕਿਸਾਨੀ ਲਈ ਇਕੱਠੇ ਹੋਏ ਹਾਂ- ਢੀਂਡਸਾ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਦੇ ਵਿਧਾਇਕਾਂ ਵੱਲੋਂ ਜੰਤਰ-ਮੰਤਰ ਵਿਖੇ ਸੰਕੇਤਕ ਧਰਨਾ ਜਾਰੀ ਹੈ। ਇਸ ਧਰਨੇ ਦੌਰਾਨ ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਬੈਂਸ ਵੀ ਸ਼ਾਮਲ ਹੋਏ।
Jantar Mantar dharna
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪਰਮਿੰਦਰ ਢੀਂਡਸਾ ਅਤੇ ਸੁਖਪਾਲ ਖਹਿਰਾ ਦੇ ਵਿਚਕਾਰ ਬੈਠੇ ਦਿਖਾਈ ਦਿੱਤੇ। ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮੁਲਾਕਾਤ ਲਈ ਸਮਾਂ ਨਾ ਦੇਣਾ ਬਹੁਤ ਮੰਦਭਾਗਾ ਹੈ। ਉਹਨਾਂ ਕਿਹਾ ਕਿ ਉਹ ਕੋਈ ਅਪਣੇ ਮੁੱਦੇ ਲੈ ਕੇ ਨਹੀਂ ਆਏ ਬਲਕਿ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਲੈ ਕੇ ਦਿੱਲੀ ਆਏ ਹਨ।
Parminder Singh Dhindsa
ਢੀਂਡਸਾ ਨੇ ਕਿਹਾ ਕਿ ਉਹਨਾਂ ਦੇ ਕਾਂਗਰਸ ਨਾਲ ਪਹਿਲਾਂ ਵੀ ਮਤਭੇਦ ਸੀ ਤੇ ਅੱਗੇ ਵੀ ਰਹਿਣਗੇ ਪਰ ਅੱਜ ਅਸੀਂ ਕਿਸਾਨੀ ਲਈ ਇਕੱਠੇ ਹੋਏ ਹਾਂ, ਜਿਨ੍ਹਾਂ ਲੋਕਾਂ ਨੇ ਸਾਨੂੰ ਚੁਣਿਆ ਹੈ, ਉਹਨਾਂ ਲਈ ਇਕੱਠੇ ਹੋਏ ਹਾਂ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅੱਜ ਦਾ ਧਰਨਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਤਿਹਾਸ 'ਚ ਕਲੰਕ ਵਜੋਂ ਦੇਖਿਆ ਜਾਵੇਗਾ।
Narendra Modi
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅੱਜ ਕਿਸੇ ਵੀ ਕਿਸਾਨ ਜਥੇਬੰਦੀ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਜਦੋਂ ਪੰਜਾਬ ਨੇ ਕੇਂਦਰ ਦੇ ਕਾਨੂੰਨਾਂ ਨੂੰ ਸੋਧਣ ਲਈ ਕਾਨੂੰਨ ਪਾਸ ਕੀਤਾ ਤਾਂ ਪੰਜਾਬ ਖਿਲਾਫ਼ ਤਾਨਾਸ਼ਾਹੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਗਏ। ਪੰਜਾਬ ਵਿਚ ਜਾ ਰਹੀਆਂ ਮਾਲ ਗੱਡੀਆਂ ਨੂੰ ਰੋਕਿਆ ਗਿਆ।
Shiromani Akali Dal
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨੇ ਵਿਚ ਨਾ ਸ਼ਾਮਲ ਹੋਣਾ ਮੰਦਭਾਗਾ ਹੈ। ਉਹਨਾਂ ਨੇ ਦੋਵੇਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਕਿਸਾਨੀ ਦੀ ਰਾਖੀ ਲਈ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਵਿਚ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਕਿਸਾਨਾਂ ਨੂੰ ਰਾਹਤ ਦੇ ਸਕੀਏ। ਪਰਮਿੰਦਰ ਢੀਂਡਸਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਜੰਗ ਨੂੰ ਜਿੱਤਣ ਲਈ ਕੋਈ ਲੰਬੀ ਰਣਨੀਤੀ ਤਿਆਰ ਕਰਨ। ਼