
ਸਾਊਦੀ ਅਰਬ ਦੇ ਰਿਆਦ ਵਿਚ ਫਸੇ ਦੋ ਭਾਰਤੀਆਂ ਨੂੰ ਛੱਡ ਦਿਤਾ ਗਿਆ ਹੈ..........
ਸ਼ਿਮਲਾ/ਨਵੀਂ ਦਿੱਲੀ : ਸਾਊਦੀ ਅਰਬ ਦੇ ਰਿਆਦ ਵਿਚ ਫਸੇ ਦੋ ਭਾਰਤੀਆਂ ਨੂੰ ਛੱਡ ਦਿਤਾ ਗਿਆ ਹੈ। ਛੱਡੇ ਗਏ ਹਿਮਾਚਲੀ ਨੌਜਵਾਨਾਂ ਵਿਚ ਤਨੁਜ ਕੁਮਾਰ ਅਤੇ ਦੇਵੇਂਦਰ ਕੁਮਾਰ ਸ਼ਾਮਲ ਹਨ। ਇਹ ਦੋਵੇਂ ਮੰਡੀ ਜ਼ਿਲੇ ਨਾਲ ਸਬੰਧਿਤ ਹਨ। ਉਥੇ ਹੀ ਅਜੇ ਵੀ 11 ਹਿਮਾਚਲੀ ਬੰਧਕ ਹਨ। ਉਹ ਸਾਰੇ ਸੁਰੱਖਿਅਤ ਹਨ। ਇਕ ਪੰਜਾਬ ਦੇ ਨੌਜਵਾਨ ਨੂੰ ਪਹਿਲਾਂ ਹੀ ਛੁਡਾ ਲਿਆ ਗਿਆ ਹੈ। ਉਹ ਵਾਪਸ ਵਤਨ ਪਰਤ ਆਇਆ ਹੈ।ਇਹ ਜਾਣਕਾਰੀ ਨਿਰਦੇਸ਼ਕ (ਗਲਫ) ਵਿਦੇਸ਼ ਮੰਤਰਾਲੇ ਆਰਵੀ ਪ੍ਰਸਾਦ ਨੇ ਦਿਤੀ। ਉਨ੍ਹਾਂ ਨੇ ਕਿਹਾ ਕਿ ਬਾਕੀ ਹਿਮਾਚਲੀ ਨੌਜਵਾਨਾਂ ਦੀ ਰਿਹਾਈ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਛੇਤੀ ਉਨ੍ਹਾਂ ਨੂੰ ਰਿਹਾਅ ਕਰ ਲਿਆ ਜਾਵੇਗਾ।
ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਸਾਊਦੀ ਅਰਬ ਅਧਿਕਾਰੀਆਂ ਨਾਲ ਵਿਅਕਤੀਗਤ ਤੌਰ 'ਤੇ ਮਾਮਲਾ ਚੁੱਕਣ ਦਾ ਅਪੀਲ ਕੀਤੀ ਹੈ। ਤਾਂ ਜੋ ਸਾਰੇ ਹਿਮਾਚਲੀ ਨੌਜਵਾਨ ਛੇਤੀ ਰਿਹਾਅ ਹੋ ਸਕਣ। ਜ਼ਿਰਕਯੋਗ ਹੈ ਕਿ ਸਾਊਦੀ ਅਰਬ ਦੇ ਰਿਆਦ ਵਿਚ ਕੰਮ ਕਰਨ ਦੀ ਚਾਹ ਵਿਚ 14 ਭਾਰਤੀਆਂ ਨੂੰ ਬੰਧਕ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਨ੍ਹਾਂ ਵਿਚ ਜ਼ਿਲ੍ਹਾ ਮੰਡੀ ਦੇ 13 ਅਤੇ ਇਕ ਪੰਜਾਬ ਦਾ ਸੀ। ਮਾਮਲੇ ਨੂੰ ਲੈ ਕੇ ਸੁੰਦਰਨਗਰ ਵਾਸੀ ਹਰਜਿੰਦਰ ਸਿੰਘ ਦੀ ਪਤਨੀ ਸਰੋਜ ਕੁਮਾਰੀ ਨੇ ਹੋਰ ਬੰਧਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੁੰਦਰਨਗਰ ਥਾਣਾ ਵਿਚ ਆ ਕੇ ਇਨਸਾਫ ਦੀ ਅਪੀਲ ਕੀਤੀ ਸੀ।
ਇਹ ਸਾਰੇ 14 ਨੌਜਵਾਨ 4 ਮਹੀਨੇ ਪਹਿਲਾਂ ਸਾਊਦੀ ਅਰਬ ਵਿਚ ਰੋਜ਼ੀ ਰੋਟੀ ਕਮਾਉਣ ਲਈ ਗਏ ਸਨ। ਸਾਊਦੀ ਅਰਬ ਜਾਂਦੇ ਸਮੇਂ ਉਸ ਦੇ ਪਤੀ ਦਾ 3 ਮਹੀਨੇ ਦਾ ਟੂਰਿਸਟ ਵੀਜ਼ਾ ਸੀ ਅਤੇ ਏਜੰਟ ਨੇ ਉਥੇ ਉਨ੍ਹਾਂ ਦੇ ਮਾਲਕ ਵਲੋਂ ਅੱਗੇ ਦਾ ਵੀਜ਼ਾ ਬਣਾਉਣ ਦੀ ਗੱਲ ਕਹੀ ਸੀ। ਪਰ ਅਜਿਹਾ ਨਾ ਹੋਇਆ। ਉਥੋਂ ਦੀ ਪੁਲਿਸ ਨੇ ਏਜੰਟ ਵਿਰੁਧ ਮਾਮਲਾ ਦਰਜ ਕੀਤਾ ਹੈ। (ਏਜੰਸੀਆਂ)