
NIA Raids News : ਐੱਨਆਈਏ ਨੇ ਜਨਵਰੀ ’ਚ ਅੱਠ ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਸੀ
NIA News : ਨਵੀਂ ਦਿੱਲੀ, ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਬੰਗਲੌਰ ਜੇਲ੍ਹ ਦੇ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਇੱਕ ਕੇਸ ਦੀ ਜਾਂਚ ਦਾ ਘੇਰਾ ਵਧਾਉਂਦਿਆਂ ਅੱਜ ਪੰਜਾਬ ਸਮੇਤ ਸੱਤ ਸੂਬਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਹਨ।
ਐੱਨਆਈਏ ਨੇ ਜਨਵਰੀ ਮਹੀਨੇ ਇਸ ਕੇਸ ਵਿੱਚ ਅੱਠ ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਚਾਰਜਸ਼ੀਟ ਵਿੱਚ ਨਾਮਜ਼ਦ ਕੇਰਲਾ ਦੇ ਕੰਨੂਰ ਦਾ ਟੀ. ਨਸੀਰ ਬੰਗਲੌਰ ਦੀ ਕੇਂਦਰੀ ਜੇਲ ਵਿੱਚ 2013 ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਜਦਕਿ ਜੁੁਨੈਦ ਅਹਿਮਦ ਉਰਫ਼ ‘ਜੇਡੀ’ ਅਤੇ ਸਲਮਾਨ ਖਾਨ ਦੇ ਵਿਦੇਸ਼ ਭੱਜ ਜਾਣ ਦਾ ਸ਼ੱਕ ਹੈ।
ਇਹ ਵੀ ਪੜੋ:Chandigarh MP Kiran Kher Cheating case : ਚੰਡੀਗੜ੍ਹ ਦੇ ਸਾਂਸਦ ਕਿਰਨ ਖੇਰ ਨਾਲ ਹੋਈ 8 ਕਰੋੜ ਦੀ ਧੋਖਾਧੜੀ
ਸੰਘੀ ਜਾਂਚ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ, ਕਰਨਾਟਕ, ਤਾਮਿਲਨਾਡੂ, ਤਿਲੰਗਾਨਾ, ਗੁਜਰਾਤ ਅਤੇ ਪੱਛਮੀ ਬੰਗਾਲ ਦੀਆਂ ਵੱਖ-ਵੱਖ ਥਾਵਾਂ ’ਤੇ ਸ਼ੱਕੀਆਂ ਵਿਅਕਤੀਆਂ ਦੇ ਟਿਕਾਣਿਆਂ ’ਤੇ ਮਾਰੇ ਛਾਪੇ ਦੌਰਾਨ ਨਕਦੀ ਦੇ ਨਾਲ-ਨਾਲ ਕਈ ਡਿਜੀਟਲ ਉਪਕਰਨ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
ਐੱਨਆਈਏ ਦੇ ਬੁਲਾਰੇ ਨੇ ਕਿਹਾ ਕਿ ਅੱਜ ਸਵੇਰੇ ਸੱਤ ਸੂਬਿਆਂ ਵਿੱਚ ਮਾਰੇ ਛਾਪੇ ਦੌਰਾਨ 25 ਮੋਬਾਈਲ ਫੋਨ, ਛੇ ਲੈਪਟਾਪ, ਚਾਰ ਸਟੋਰੇਜ ਉਪਕਰਨ, ਇਤਰਾਜ਼ਯੋਗ ਸਮੱਗਰੀ, ਨਕਦੀ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਬੰਗਲੌਰ ਸਿਟੀ ਪੁਲਿਸ ਨੇ ਸੱਤ ਮੁਲਜ਼ਮਾਂ ਕੋਲੋਂ ਸੱਤ ਪਿਸਤੌਲ, ਚਾਰ ਗ੍ਰਨੇਡ, ਇੱਕ ਮੈਗਜ਼ੀਨ, 45 ਕਾਰਤੂਸ ਅਤੇ ਚਾਰ ਵਾਕੀ-ਟਾਕੀ ਸਮੇਤ ਹੋਰ ਗੋਲ਼ੀ-ਸਿੱਕਾ ਮਿਲਣ ਮਗਰੋ ਪਿਛਲੇ ਸਾਲ 18 ਜੁਲਾਈ ਨੂੰ ਕੇਸ ਦਰਜ ਕੀਤਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਵਜੋਤ ਸਿੰਘ, ਕਰਨਾਟਕ ਵਿੱਚ ਨਵੀਦ, ਸਈਦ ਖੇਲ ਤੇ ਬੀਜੂ, ਗੁਜਰਾਤ ਵਿੱਚ ਹਾਰਦਿਕ ਕੁਮਾਰ ਤੇ ਕਰਨ ਕੁਮਾਰ, ਕੇਰਲਾ ਵਿੱਚ ਜੌਹਨਸਨ ਅਤੇ ਤਾਮਿਲਨਾਡੂ ਵਿੱਚ ਮੁਸਤਾਕ ਅਹਿਮਦ ਸਤੀਕਲੀ, ਮੁਬਿਤ ਤੇ ਹਸਨ ਅਲ ਬਸਮ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ। -ਪੀਟੀਆਈ
(For more news apart from NIA conducted raids in seven states including Punjab News in Punjabi, stay tuned to Rozana Spokesman)