
ਅਮਰੀਕਾ ਵਲੋਂ ਵੀ ਪਾਕਿ ਦੇ ਐਫ-16 ਜਹਾਜ਼ ਪੂਰੇ ਹੋਣ ਦਾ ਦਾਅਵਾ!
ਨਵੀਂ ਦਿੱਲੀ- ਭਾਰਤ ਵਲੋਂ ਫਰਵਰੀ ਮਹੀਨੇ ਹੋਏ ਸੰਘਰਸ਼ ਦੌਰਾਨ ਆਪਣੇ ਲੜਾਕੂ ਜਹਾਜ਼ ਨਾਲ ਪਾਕਿਸਤਾਨੀ ਜਹਾਜ਼ ਐਫ-16 ਨੂੰ ਗਿਰਾਏ ਜਾਣ ਦਾ ਦਾਅਵਾ ਗ਼ਲਤ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਅਮਰੀਕਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਨੇ ਪਾਕਿਸਤਾਨ ਦੇ ਐਫ-16 ਜਹਾਜ਼ਾਂ ਦੀ ਗਿਣਤੀ ਕੀਤੀ ਹੈ,ਕੋਈ ਵੀ ਐਫ-16 ਜਹਾਜ਼ ਗਾਇਬ ਨਹੀਂ ਹੈ, ਸਾਰੇ ਜਹਾਜ਼ ਪੂਰੇ ਹਨ।
F-16
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਇਹ ਦਾਅਵਾ ਕੀਤਾ ਸੀ ਕਿ 27 ਫਰਵਰੀ ਨੂੰ ਇਕ ਹਵਾਈ ਹਮਲੇ ਵਿਚ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਨੇ ਪਾਕਿਸਤਾਨ ਦੇ ਐਫ-16 ਲੜਾਕੂ ਜਹਾਜ਼ ਨੂੰ ਮਾਰ ਗਿਰਾਇਆ ਸੀ, ਜੋ ਭਾਰਤੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਸੰਘਰਸ਼ ਦੌਰਾਨ ਅਭਿਨੰਦਨ ਦੇ ਜਹਾਜ਼ 'ਤੇ ਵੀ ਹਮਲਾ ਹੋਇਆ ਅਤੇ ਉਸ ਨੂੰ ਪਾਕਿਸਤਾਨ ਵਾਲੇ ਪਾਸੇ ਇੰਜੈਕਟ ਕਰਨਾ ਪਿਆ ਸੀ।
Pakistani F16
ਹੋਰ ਤਾਂ ਹੋਰ ਭਾਰਤੀ ਹਵਾਈ ਫ਼ੌਜ ਨੇ 28 ਫਰਵਰੀ ਨੂੰ ਸਬੂਤ ਦੇ ਤੌਰ 'ਤੇ ਐਮਾਰਾਨ ਮਿਜ਼ਾਈਲ ਦੇ ਟੁਕੜੇ ਵੀ ਦਿਖਾਏ ਸਨ। ਜਿਸ ਨੂੰ ਪਾਕਿਸਤਾਨੀ ਐਫ-16 ਜਹਾਜ਼ ਰਾਹੀਂ ਦਾਗ਼ਿਆ ਜਾਂਦਾ ਪਰ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲਦੇ ਕਿ ਅਭਿਨੰਦਨ ਨੇ ਪਾਕਿਸਤਾਨੀ ਐਫ-16 ਜਹਾਜ਼ ਨੂੰ ਮਾਰ ਗਿਰਾਇਆ ਸੀ ਜਿਵੇਂ ਕਿ ਭਾਰਤ ਅਤੇ ਭਾਰਤੀ ਹਵਾਈ ਫ਼ੌਜ ਵਾਰ-ਵਾਰ ਦਾਅਵਾ ਕਰਦੀ ਰਹੀ ਹੈ।
F16
ਪੱਤ੍ਰਿਕਾ 'ਫਾਰੇਨ ਪਾਲਿਸੀ' ਅਨੁਸਾਰ ਪਾਕਿਸਤਾਨ ਨੇ ਇਸ ਘਟਨਾ ਤੋਂ ਬਾਅਦ ਅਮਰੀਕਾ ਨੂੰ ਖ਼ੁਦ ਪਾਕਿਸਤਾਨ ਆ ਕੇ ਐਫ-16 ਜਹਾਜ਼ਾਂ ਦੀ ਗਿਣਤੀ ਕਰ ਲੈਣ ਦੀ ਪੇਸ਼ਕਸ਼ ਕੀਤੀ ਸੀ। ਜਿਵੇਂ ਕਿ ਇਸ ਸੈਨਿਕ ਸਮਝੌਤਾ ਦੀਆਂ ਸ਼ਰਤਾਂ ਵਿਚ ਦਰਜ ਸੀ ਪਰ ਹੁਣ ਜਦੋਂ ਅਮਰੀਕੀ ਅਧਿਕਾਰੀਆਂ ਵਲੋਂ ਗਿਣਤੀ ਕੀਤੇ ਜਾਣ 'ਤੇ ਪਾਕਿਸਤਾਨੀ ਐਫ-16 ਪੂਰੇ ਪਾਏ ਗਏ ਹਨ ਤਾਂ ਫਿਰ ਮੋਦੀ ਸਰਕਾਰ ਵਲੋਂ ਇਹ ਦਾਅਵਾ ਕਿਉਂ ਕੀਤਾ ਗਿਆ?
Narender Modi And Imran Khan
ਫਿਲਹਾਲ ਇਹ ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ। ਜਦੋਂ ਭਾਰਤ ਵਿਚ ਲੋਕ ਸਭਾ ਚੋਣਾਂ ਲਈ ਵੋਟਿੰਗ ਕੁੱਝ ਹੀ ਦਿਨਾਂ ਵਿਚ ਸ਼ੁਰੂ ਹੋਣ ਜਾ ਰਹੀ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਐਫ-16 ਨੂੰ ਲੈ ਕੇ ਆਖ਼ਰ ਕਿਸ ਦਾ ਦਾਅਵਾ ਸੱਚਾ ਹੈ। ਭਾਰਤ ਦਾ ਜਾਂ ਫਿਰ ਪਾਕਿਸਤਾਨ ਦਾ?