
ਮੌਜੂਦਾ ਵਿੱਤੀ ਸਾਲ 'ਚ ਭਾਰਤੀ ਹਵਾਬਾਜ਼ੀ ਦਾ ਕੁਲ ਘਾਟਾ 1.9 ਅਰਬ ਅਮਰੀਕੀ ਡਾਲਰ (ਕਰੀਬ 13,557 ਕਰੋੜ ਰੁਪਏ) ਤਕ ਪਹੁੰਚ ਸਕਦਾ ਹੈ...........
ਨਵੀਂ ਦਿੱਲੀ : ਮੌਜੂਦਾ ਵਿੱਤੀ ਸਾਲ 'ਚ ਭਾਰਤੀ ਹਵਾਬਾਜ਼ੀ ਦਾ ਕੁਲ ਘਾਟਾ 1.9 ਅਰਬ ਅਮਰੀਕੀ ਡਾਲਰ (ਕਰੀਬ 13,557 ਕਰੋੜ ਰੁਪਏ) ਤਕ ਪਹੁੰਚ ਸਕਦਾ ਹੈ।
ਐਵੀਏਸ਼ਨ ਕੰਸਲਟਿੰਗ ਫ਼ਰਮ ਸੀਏਪੀਏ ਇੰਡੀਆ ਮੁਤਾਬਕ ਵਧਦੀ ਲਾਗਤ ਅਤੇ ਘੱਟ ਕਿਰਾਏ ਕਾਰਨ ਏਅਰ ਇੰਡੀਆ ਅਤੇ ਜੈੱਟ ਏਅਰਵੇਜ਼ ਵਰਗੀਆਂ ਏਅਰਲਾਈਨਜ਼ ਦਾ ਘਾਟਾ ਵਧਦਾ ਜਾ ਰਿਹਾ ਹੈ। ਸੀਏਪੀਏ ਨੇ ਜਾਰੀ ਇਕ ਰੀਪੋਰਟ 'ਚ ਦਸਿਆ ਕਿ ਰੁਪਏ ਦੇ ਮੁੱਲ 'ਚ ਗਿਰਾਵਟ ਅਤੇ ਤੇਲ ਦੀਆਂ ਕੀਮਤਾਂ 'ਚ ਇਜ਼ਾਫ਼ੇ ਕਾਰਨ ਏਅਰਲਾਈਨਜ਼ ਦਾ ਘਾਟਾ ਹੋਰ ਜ਼ਿਆਦਾ ਵਧ ਰਿਹਾ ਹੈ। ਸੀਏਪੀਏ ਨੇ ਕਿਹਾ ਕਿ ਘਾਟੇ ਦੀ ਪੂਰਤੀ ਲਈ ਟਿਕਟਾਂ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ।
ਰੀਪੋਰਟ 'ਚ ਕਿਹਾ ਗਿਆ ਹੈ ਕਿ ਇੰਟਰਗਲੋਬ ਐਵੀਏਸ਼ਨ ਲਿਮਟਿਡ ਦੀ ਇੰਡੀਗੋ ਏਅਰਲਾਈਨਜ਼ ਨੂੰ ਛੱਡ ਕੇ ਕਿਸੇ ਵੀ ਏਅਰਲਾਈਨਜ਼ ਦੀ ਬੈਲੰਸ ਸ਼ੀਟ ਮਜਬੂਤ ਨਹੀਂ ਹੈ। ਦੱਸਣਯੋਗ ਹੈ ਕਿ ਭਾਰਤ ਦੁਨੀਆ ਦੀ ਸੱਭ ਤੋਂ ਤੇਜ਼ੀ ਨਾਲ ਉਭਰਦੀ ਡੈਮੋਸਟਿਕ ਐਵੀਏਸ਼ਨ ਮਾਰਕੀਟ ਹੈ। ਇੱਥੇ ਏਅਰਲਾਈਨਜ਼ ਕੰਪਨੀਆਂ ਨੇ ਸੈਂਕੜੇ ਨਵੀਆਂ ਏਅਰ ਬੱਸ ਅਤੇ ਬੋਇੰਗ ਜੈੱਟਜ਼ ਦਾ ਆਰਡਰ ਦਿਤੇ ਹਨ।
ਜਹਾਜ਼ਾਂ 'ਚ ਕਰੀਬ 90 ਫ਼ੀ ਸਦੀ ਸੀਟਾਂ ਭਰੀਆਂ ਰਹਿਣ ਤੋਂ ਬਾਅਦ ਵੀ ਏਅਰਲਾਈਨਜ਼ ਨੂੰ ਮੁਨਾਫ਼ਾ ਕਮਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਹ ਸਥਿਤੀ ਉਦੋਂ ਹੈ, ਜਦੋਂ ਪਿਛਲੇ ਚਾਰ ਸਾਲਾਂ 'ਚ ਘਰੇਲੂ ਯਾਤਰੀਆਂ ਦੀ ਗਿਣਤੀ ਕਰੀਬ ਦੋਗੁਣਾ ਤੋਂ ਜ਼ਿਆਦਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਜੈੱਟ ਏਅਰਵੇਜ਼ (ਇੰਡੀਆ) ਲਿਮਟਿਡ ਦੀ ਨੀਲਾਮੀ ਕਰਨਾ ਚਾਹੁੰਦੀ ਹੈ ਪਰ ਕੋਈ ਖ਼ਰੀਦਦਾਰ ਨਹੀਂ ਮਿਲ ਰਿਹਾ ਹੈ। (ਏਜੰਸੀ)