
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਪਿਛੋਂ ਚੁਫੇਰਿਉਂ ਘਿਰੇ ਹੋਏ ਬਾਦਲਾਂ ਨੇ ਹੁਣ ਦਿੱਲੀ ਵਿਚ ਸਿੱਖਾਂ ਦੀ ਕਚਹਿਰੀ ਵਿਚ ਜਾਣ ਦਾ ਫ਼ੈਸਲਾ ਲਿਆ ਹੈ............
ਨਵੀਂ ਦਿੱਲੀ : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਪਿਛੋਂ ਚੁਫੇਰਿਉਂ ਘਿਰੇ ਹੋਏ ਬਾਦਲਾਂ ਨੇ ਹੁਣ ਦਿੱਲੀ ਵਿਚ ਸਿੱਖਾਂ ਦੀ ਕਚਹਿਰੀ ਵਿਚ ਜਾਣ ਦਾ ਫ਼ੈਸਲਾ ਲਿਆ ਹੈ ਤੇ ਵਿਰੋਧੀਆਂ ਦੀ ਘੇਰਾਬੰਦੀ ਨੂੰ ਹਾਂ ਪੱਖੀ ਪ੍ਰਚਾਰ ਨਾਲ ਮੂੰਹ ਤੋੜ ਜਵਾਬ ਦੇਣ ਦੀ ਰਣਨੀਤੀ ਵਿਉਂਤੀ ਗਈ ਹੈ। ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ, ਗੁਰਦਵਾਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਖੇ ਪਾਰਟੀ ਦੀ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਜਿਥੇ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ 1 ਲੱਖ ਸੰਗਤ ਦਾ ਇਕੱਠ ਦਿੱਲੀ ਵਿਚ ਕਰਨ ਦਾ ਫ਼ੈਸਲਾ ਲਿਆ ਗਿਆ,
ਉਥੇ ਹੀ ਸ਼ਤਾਦਬੀ ਸਮਾਗਮ ਦੀ ਪ੍ਰਚਾਰ ਮੀਟਿੰਗਾਂ ਦੇ ਸਹਾਰੇ ਦਿੱਲੀ ਦੇ 46 ਗੁਰਦਵਾਰਾ ਚੋਣ ਹਲਕਿਆਂ ਵਿਚ ਜਾ ਕੇ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਸੱਚ, ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਹਲਫ਼ਨਾਮੇ, ਬੇਅਦਬੀ ਮਾਮਲਿਆਂ ਦੀ ਪੜਤਾਲ ਲਈ ਕਾਇਮ ਹੋਈ ਐਸਆਈਟੀ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਰੀਪੋਰਟ ਸਣੇ ਕਾਂਗਰਸ ਦੀਆਂ ਅਖਉਤੀ ਸਿੱਖ ਮਾਰੂ ਨੀਤੀਆਂ ਦਾ ਸੰਗਤ ਵਿਚ ਭਾਂਡਾ ਭੰਨ੍ਹਣ ਦਾ ਐਲਾਨ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਤੇ ਦਿੱਲੀ ਇੰਚਾਰਜ ਸ.ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਅੱਜ ਹੋਈ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਸ.ਹਰਮਨਜੀਤ ਸਿੰਘ, ਜੁਆਇੰਟ ਸਕੱਤਰ ਸ.ਅਮਰਜੀਤ ਸਿੰਘ ਪੱਪੂ ਆਦਿ ਸ਼ਾਮਲ ਹੋਏ।
ਮੀਟਿੰਗ ਪਿਛੋਂ ਪਾਰਟੀ ਦੇ ਬੁਲਾਰੇ ਸ.ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਮੀਡੀਆ ਤੇ ਸੋਸ਼ਲ ਮੀਡੀਆ ਤੇ ਬੇਅਦਬੀ ਮਾਮਲਿਆਂ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਆਸਰੇ ਅਕਾਲੀ ਦਲ ਵਿਰੁਧ ਤਿਆਰ ਕੀਤੇ ਜਾ ਰਹੇ ਮਾਹੌਲ ਦਾ ਮੂੰਹ ਤੋੜਵਾਂ ਜਵਾਬ ਸੰਗਤ ਦੀ ਕਚਹਿਰੀ ਵਿਚ ਜਾ ਕੇ, ਦੇਣ ਦੀ ਰਣਨੀਤੀ ਤਿਆਰ ਕੀਤੀ ਗਈ ਹੈ।