
ਤਿੰਨ ਦਿਨ ਪਹਿਲਾਂ, ਪੰਜਾਬ ਵਿਧਾਨ ਸਭਾ 'ਚ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਬਹਿਸ ਦੌਰਾਨ, ਸੱਤਾਧਾਰੀ ਕਾਂਗਰਸ ਵਲੋਂ, ਅਕਾਲੀ ਲੀਡਰਸ਼ਿਪ ਵਿਰੁਧ ਤਿੱਖੀ ਭਾਸ਼ਾ.........
ਚੰਡੀਗੜ੍ਹ : ਤਿੰਨ ਦਿਨ ਪਹਿਲਾਂ, ਪੰਜਾਬ ਵਿਧਾਨ ਸਭਾ 'ਚ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਬਹਿਸ ਦੌਰਾਨ, ਸੱਤਾਧਾਰੀ ਕਾਂਗਰਸ ਵਲੋਂ, ਅਕਾਲੀ ਲੀਡਰਸ਼ਿਪ ਵਿਰੁਧ ਤਿੱਖੀ ਭਾਸ਼ਾ ਵਰਤਣ ਮਗਰੋਂ ਅਖ਼ਬਾਰਾਂ ਵਿਚ ਚਰਚਾ ਛਿੜ ਪਈ ਸੀ ਕਿ ਬਾਕੀ ਅਕਾਲੀ ਲੀਡਰਾਂ ਨੇ ਚੁੱਪੀ ਕਿਉਂ ਧਾਰਨ ਕੀਤੀ ਰੱਖੀ।
ਇਸ ਚਰਚਾ ਮਗਰੋਂ ਹੁਣ ਦੇਰ ਨਾਲ ਬਜ਼ੁਰਗ ਅਕਾਲੀ ਲੀਡਰਾਂ ਨੇ ਜ਼ੁਬਾਨ ਖੋਲ੍ਹੀ ਹੈ ਤੇ ਵਿਸ਼ੇਸ਼ ਸੈਸ਼ਨ ਦੌਰਾਨ ਬਾਦਲਾਂ ਉਤੇ ਕੀਤੇ ਗਏ ਨਿਜੀ ਹਮਲਿਆਂ ਵਿਰੁਧ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਬਹਿਸ ਵਿਚ ਘਸੀਟਣ ਦਾ ਬੁਰਾ ਮਨਾਇਆ ਹੈ।
ਬਾਦਲ ਪ੍ਰਵਾਰ 'ਤੇ ਨਿਜੀ ਹਮਲੇ ਕਰਨ ਦੀ ਨਿੰਦਿਆਂ ਕਰਦੇ ਬਜ਼ੁਰਗ ਸਿੱਖ ਨੇਤਾਵਾਂ ਨੇ ਕਿਹਾ ਕਿ ਇਸ ਵਰਤਾਰੇ ਨਾਲ ਹਾਊਸ ਦੀ ਮਰਿਆਦਾ ਭੰਗ ਹੋਈ ਹੈ ਅਤੇ ਲੋਕਾਂ 'ਚ ਗ਼ਲਤ ਸੰਦੇਸ਼ ਗਿਆ ਹੈ। ਇਨ੍ਹਾਂ ਅਕਾਲੀ ਲੀਡਰਾਂ ਨੇ ਇਹ ਵੀ ਤੌਖਲਾ ਜ਼ਾਹਰ ਕੀਤਾ ਕਿ 33 ਕਾਂਗਰਸੀ ਮੰਤਰੀਆਂ, 4 ਵਿਧਾਇਕਾਂ ਤੇ ਹੋਰ ਮੈਂਬਰਾਂ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਹੋਰ ਧਾਰਮਕ ਸੰਸਥਾਵਾਂ ਵਿਰੁਧ ਵੀ ਤੌਹੀਨ ਕਰਨ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਜੋ ਕਾਂਗਰਸ ਪਾਰਟੀ ਦੀ ਧਰਮ-ਨਿਰਪੱਖਤਾ ਦੀ ਸੋਚ ਤੇ ਸਿਧਾਂਤਾਂ ਵਿਰੁਧ ਹੈ।
ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਸੈਕਟਰ 28 ਦੇ ਦਫ਼ਤਰ 'ਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ, ਰਾਜ ਸਭਾ ਦੇ ਐਮ.ਪੀ. ਸ. ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਤੇ ਸਾਬਕਾ ਮੰਤਰੀ ਤੋਤਾ ਸਿੰਘ, ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਹਾਊਸ ਅੰਦਰ ਰੀਪੋਰਟ 'ਤੇ ਚਰਚਾ ਨਹੀਂ ਹੋਈ , ਉਲਟਾ ਨਿਜੀ ਤੇ ਵਿਅਕਤੀਗਤ ਦੂਸ਼ਣਬਾਜ਼ੀ ਕਰ ਕੇ ਇਕ-ਪਾਸੜ ਤੇ ਪਰਵਾਰਕ ਇਲਜ਼ਾਮ ਲਾਏ। ਇਨ੍ਹਾਂ ਅਕਾਲੀ ਨੇਤਾਵਾਂ ਅਤੇ ਸੰਘਰਸ਼ਮਈ ਦੌਰ 'ਚੋਂ ਗੁਜ਼ਰ ਚੁੱਕੇ ਬਜ਼ੁਰਗ ਤੇ ਤਜਰਬੇਕਾਰ ਸਿੱਖ ਲੀਡਰਾਂ ਦਾ ਇਹ ਵੀ ਵਿਚਾਰ ਸੀ ਕਿ 14 ਅਕਾਲੀ ਵਿਧਾਇਕਾਂ ਨੇ ਸਦਨ 'ਚੋਂ ਬਾਹਰ ਜਾ ਕੇ,
ਬਾਹਰ ਸਮਾਨੰਤਰ ਬੈਠਕ ਕਰ ਕੇ ਕੁੱਝ ਨਾ ਕੁੱਝ ਵਿਚਾਰ ਤਾਂ ਜ਼ਰੂਰ, ਮੀਡੀਆ ਰਾਹੀਂ ਲੋਕਾਂ ਤਕ ਪਹੁੰਚਾਏ ਪਰ ਕਾਂਗਰਸੀਆਂ ਨੇ ਜਿਹੜੀ ਭਾਸ਼ਾ ਦਾ ਇਸਤੇਮਾਲ ਕੀਤਾ, ਉਸ ਨਾਲ, ਕਾਂਗਰਸ ਪਾਰਟੀ ਦੀ ਅਪਣੀ ਬਦਨਾਮੀ ਵੀ ਹੋਈ ਹੈ। ਇਨ੍ਹਾਂ ਵੈਟਰਨ ਸਿੱਖ ਲੀਡਰਾਂ ਦਾ ਕਹਿਣਾ ਹੈ ਸੀ ਕਿ ਇਸ ਵਿਵਾਦਤ ਰੀਪੋਰਟ 'ਚ ਨਾਂ ਤਾਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਨਾ ਹੀ ਸੁਖਬੀਰ ਬਾਦਲ ਨੂੰ ਬਹਿਬਲ ਕਲਾਂ ਤੇ ਬਰਗਾੜੀ ਹਿੰਸਕ ਕਾਂਡ ਲਈ, ਜ਼ੁੰਮੇਵਾਰ ਠਹਿਰਾਇਆ ਹੈ ਅਤੇ ਅੰਤ 'ਚ ਇਸ ਦੀ ਅਗਲੇਰੀ ਕਾਰਵਾਈ ਤੇ ਜਾਂਚ ਸੀ.ਬੀ.ਆਈ ਤੋਂ ਕਰਾਉਣ ਲਈ ਲਿਖਿਆ ਹੈ।
ਪਰ ਹੁਣ ਮੁੱਖ ਮੰਤਰੀ ਨੇ ਇਹ ਪੜਤਾਲ, ਸੀ.ਬੀ.ਆਈ ਤੋਂ ਵਾਪਿਸ ਲੈਣ ਦਾ ਐਲਾਨ, ਵਿਧਾਨ ਸਭਾ 'ਚ ਕਰ ਦਿਤਾ ਹੈ, ਜਿਸ ਦਾ ਮਤਲਬ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਵਿਚਾਰ ਨਾਲ ਹੀ, ਸਰਕਾਰ ਸਹਿਮਤ ਨਹੀਂ ਹੈ। ਰੀਪੋਰਟ 'ਚ ਇਕ ਵੀ ਸਬੂਤ ਨਹੀਂ, ਜਿਸ ਨਾਲ ਸਾਬਤ ਹੋਵੇ ਕਿ ਬਾਦਲ ਪਰਵਾਰ, ਕੋਈ ਅਕਾਲੀ ਲੀਡਰ ਜਾਂ ਹੋਰ ਸਿੱਖ ਅਹੁਦੇਦਾਰ ਜਾਂ ਸ਼ੋਮਣੀ ਕਮੇਟੀ ਮੈਂਬਰ, ਦੋਸ਼ੀ ਠਹਿਰਾਇਆ ਹੋਵੇ।
ਸੇਵਾ ਸਿੰਘ ਸੇਖਵਾਂ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਤੇ ਤੋਤਾ ਸਿੰਘ ਨੇ ਇਹ ਵੀ ਸਪਸ਼ਟ ਕੀਤਾ ਕਿ ਭਲਕੇ ਤੋਂ ਸ਼ੁਰੂ ਹੋਣ ਵਾਲੇ, ਜ਼ਿਲ੍ਹਾ ਪੱਧਰ 'ਤੇ ਅਸੈਂਬਲੀ ਪੱਧਰ ਦੇ ਮੁਜ਼ਾਹਰੇ ਸ਼ਾਂਤੀ-ਅਮਨ ਨਾਲ ਕੀਤੇ ਜਾਣਗੇ ਅਤੇ 9 ਸਤੰਬਰ ਨੂੰ ਸੁਨੀਲ ਜਾਖੜ ਦੇ ਇਲਾਕੇ 'ਚ ਭਰਵੀਂ ਰੈਲੀ ਅਬੋਹਰ 'ਚ ਕੀਤੀ ਜਾਵੇਗੀ।