
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਗੱਲਬਾਤ ਮਗਰੋਂ ਦੋਹਾਂ ਦੇਸ਼ਾਂ ਨੇ ਅੱਠ ਸਮਝੌਤਿਆਂ 'ਤੇ ਹਸਤਾਖਰ ਕੀਤੇ ਗਏ ਹਨ...........
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਗੱਲਬਾਤ ਮਗਰੋਂ ਦੋਹਾਂ ਦੇਸ਼ਾਂ ਨੇ ਅੱਠ ਸਮਝੌਤਿਆਂ 'ਤੇ ਹਸਤਾਖਰ ਕੀਤੇ ਗਏ ਹਨ ਜਿਨ੍ਹਾਂ ਵਿਚ ਪੁਲਾੜ, ਪਰਮਾਣੂ ਊਰਜਾ ਦੀ ਸ਼ਾਂਤਮਈ ਵਰਤੋਂ, ਰੇਲਵੇ ਸਮੇਤ ਕਈ ਹੋਰ ਖੇਤਰਾਂ ਵਿਚ ਤਾਲਮੇਲ ਦੇ ਵਿਸ਼ੇ ਸ਼ਾਮਲ ਹਨ।
ਮੋਦੀ ਅਤੇ ਪੁਤਿਨ ਨੇ 19ਵੇਂ ਭਾਰਤ ਰੂਸ ਸਾਲਾਨਾ ਦੁਵੱਲੇ ਸਿਖਰ ਸੰਮੇਲਨ ਦੌਰਾਨ ਮੁਲਾਕਾਤ ਕੀਤੀ ਅਤੇ ਕਈ ਦੁਵੱਲੇ, ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਚਰਚਾ ਕੀਤੀ।
ਸੂਤਰਾਂ ਨੇ ਦਸਿਆ ਕਿ ਮੋਦੀ ਅਤੇ ਪੁਤਿਨ ਵਿਚਾਲੇ ਗੱਲਬਾਤ ਮਗਰੋਂ ਭਾਰਤ, ਰੂਸ ਨੇ ਪੰਜ ਅਰਬ ਡਾਲਰ ਦੇ ਐਸ-400 ਹਵਾ ਰਖਿਆ ਪ੍ਰਣਾਲੀ ਸਮਝੌਤੇ ਦੇ ਹਸਤਾਖਰ ਕੀਤੇ ਹਾਲਾਂਕਿ ਅਮਰੀਕਾ ਨੇ ਪਾਬੰਦੀਆਂ ਦੀ ਚੇਤਾਵਨੀ ਦਿਤੀ ਸੀ ਪਰ ਇਸ ਦੇ ਬਾਵਜੂਦ ਭਾਰਤ ਨੇ ਰੂਸ ਨਾਲ ਅਹਿਮ ਮਿਜ਼ਾਈਲ ਸਮਝੌਤਾ ਕੀਤਾ ਹੈ।
ਬੈਠਕ ਮਗਰੋਂ ਮੋਦੀ ਨੇ ਸਾਂਝੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਭਾਰਤ ਤੇ ਰੂਸ ਦੀ ਦੋਸਤੀ ਅਨੂਠੀ ਹੈ। ਇਸ ਖ਼ਾਸ ਰਿਸ਼ਤੇ ਲਈ ਰਾਸ਼ਟਰਪਤੀ ਪੁਤਿਨ ਦੀ ਪ੍ਰਤੀਬੱਧਤਾ ਨਾਲ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤੀ ਅਤੇ ਊਰਜਾ ਮਿਲੇਗੀ।
ਉਨ੍ਹਾਂ ਕਿਹਾ, 'ਸਾਡੀ ਦੋਸਤੀ ਨਵੀਆਂ ਬੁਲੰਦੀਆਂ ਨੂੰ ਪ੍ਰਾਪਤ ਕਰੇਗੀ। ਪੁਤਿਨ ਨਾਲ ਗੱਲਬਾਤ ਨੇ ਭਾਰਤ-ਰੂਸ ਵਿਚਾਲੇ ਰਣਨੀਤੀ ਭਾਈਵਾਲੀ ਨੂੰ ਨਵੀਂ ਦਿਸ਼ਾ ਦਿਤੀ ਹੈ।' ਰੂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਅਤਿਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖ਼ਤਰੇ ਨਾਲ ਸਿੱਝਣ ਲਈ ਭਾਰਤ ਨਾਲ ਸਹਿਯੋਗ ਵਧਾਉਣ ਬਾਰੇ ਸਹਿਮਤੀ ਪ੍ਰਗਟਾਈ ਹੈ। ਦੂਜੇ ਪਾਸੇ, ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਨੂੰ ਸਬੰਧਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲਾ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਮਨੁੱਖੀ ਸ੍ਰੋਤ ਵਿਕਾਸ ਤੋਂ ਲੈ ਕੇ ਕੁਦਰਤੀ ਸਾਧਨਾਂ ਤਕ, ਕਾਰੋਬਾਰ ਤੋਂ ਲੈ ਕੇ ਨਿਵੇਸ਼ ਤਕ, ਤਕਨੀਕ ਤੋਂ ਲੈ ਕੇ ਬਾਘ ਰਾਖੀ ਤਕ, ਸਾਗਰ ਤੋਂ ਲੈ ਕੇ ਪੁਲਾੜ ਤਕ,
ਭਾਰਤ ਅਤੇ ਰੂਸ ਦੇ ਸਬੰਧਾਂ ਦਾ ਹੋਰ ਵੀ ਵਿਸ਼ਾਲ ਵਿਸਤਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅਤਿਵਾਦ ਵਿਰੁਧ ਸੰਘਰਸ਼, ਅਫ਼ਗ਼ਾਨਿਸਤਾਨ ਅਤੇ ਹਿੰਦ ਪ੍ਰਸ਼ਾਂਤ ਦੇ ਘਟਨਾਕ੍ਰਮ, ਜਲਵਾਯੂ ਤਬਦੀਲੀ, ਐਸਸੀਓ, ਬ੍ਰਿਕਸ ਜਿਹੇ ਸੰਗਠਨਾਂ ਅਤੇ ਜੀ 20 ਤੇ ਆਸਿਆਨ ਜਿਹੇ ਸੰਗਠਨਾਂ ਵਿਚ ਸਹਿਯੋਗ ਕਰਨ ਵਿਚ ਸਾਡੇ ਦੋਹਾਂ ਦੇਸ਼ਾਂ ਦੇ ਸਾਂਝੇ ਹਿੱਤ ਹਨ। ਮੋਦੀ ਨੇ ਕਿਹਾ, 'ਅਸੀਂ ਅੰਤਰਰਾਸ਼ਟੀ ਸੰਸਥਾਵਾਂ ਵਿਚ ਅਪਣਾ ਸਹਿਯੋਗ ਜਾਰੀ ਰੱਖਣ ਲਈ ਸਹਿਮਤ ਹੋਏ ਹਾਂ।' (ਏਜੰਸੀ)