
ਤੇਲ ਸਪਲਾਈਲਰ ਦੇਸ਼ਾਂ ਤੋਂ ਤੇਲ ਸਪਲਾਈ ਬੰਦ ਹੋਣ ਦਾ ਖਦਸ਼ਾ
ਨਵੀਂ ਦਿੱਲੀ : ਅਮਰੀਕਾ ਤੇ ਇਰਾਨ ਵਿਚਾਲੇ ਵੱਧ ਰਹੇ ਤਣਾਅ 'ਤੇ ਦੁਨੀਆਂ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਰਾਨ ਤੋਂ ਬਾਅਦ ਇਰਾਕ ਵੀ ਅਮਰੀਕਾ ਦੇ ਵਿਰੁਧ ਨਿਤਰਦਾ ਵਿਖਾਈ ਦੇ ਰਿਹਾ ਹੈ। ਇਰਾਕੀ ਸੰਸਦ ਨੇ ਮਤਾ ਪਾਸ ਕਰ ਕੇ ਅਮਰੀਕੀ ਫ਼ੌਜਾਂ ਨੂੰ ਦੇਸ਼ ਵਿਚੋਂ ਬਾਹਰ ਜਾਣ ਲਈ ਕਿਹਾ ਹੈ। ਇਸ ਦੇ ਜਵਾਬ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਰਾਕ 'ਤੇ ਵੱਡੀਆਂ ਪਾਬੰਦੀਆਂ ਲਾਉਣ ਦਾ ਐਲਾਨ ਕਰ ਦਿਤਾ ਹੈ। ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੇ ਤਣਾਅ ਦਾ ਭਾਰਤ 'ਤੇ ਵੀ ਅਸਰ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ।
Photo
ਜਾਣਕਾਰੀ ਅਨੁਸਾਰ ਇਸ ਸਮੇਂ ਭਾਰਤ ਜ਼ਿਆਦਾਤਰ ਕੱਚਾ ਤੇਲ ਇਰਾਕ ਤੋਂ ਖ਼ਰੀਦ ਰਿਹਾ ਹੈ। ਜੇਕਰ ਅਮਰੀਕਾ ਇਰਾਕ 'ਤੇ ਪਾਬੰਦੀਆਂ ਲਾਉਂਦਾ ਹੈ ਤਾਂ ਇਸ ਦਾ ਅਸਰ ਤੇਲ ਦੇ ਉਤਪਾਦਨ 'ਤੇ ਪਵੇਗਾ। ਇਸ ਦਾ ਸਿੱਧਾ ਅਸਰ ਭਾਰਤ 'ਤੇ ਪੈਣ ਦੇ ਅਸਾਰ ਹਨ। ਤੇਲ ਦੇ ਦੋ ਵੱਡੇ ਸਪਲਾਇਰ ਦੇਸ਼ ਵੈਨਜ਼ੂਏਲਾ ਤੇ ਇਰਾਕ ਪਹਿਲਾਂ ਹੀ ਸੰਕਟ ਵਿਚ ਹਨ। ਜੇਕਰ ਇਰਾਕ 'ਤੇ ਸੰਕਟ ਹੋਰ ਵਧਦਾ ਹੈ ਤਾਂ ਇਸ ਦਾ ਅਸਰ ਦੇਸ਼ ਦੀ ਆਰਥਿਕਤਾ 'ਤੇ ਵੀ ਪਵੇਗਾ। ਸੋਮਵਾਰ ਨੂੰ ਸਟਾਕ ਮਾਰਕੀਟ ਵਿਚ ਆਈ ਮੰਦੀ ਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਰੇਟ ਵਿਚ ਆਈ ਕਮੀ ਨੂੰ ਵੀ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ।
Photo
ਤੇਲ ਕੰਪਨੀਆਂ ਦੇ ਅਧਿਕਾਰੀਆਂ ਮੁਤਾਬਕ ਇਰਾਕ ਸਾਲ 2018-19 ਦੌਰਾਨ ਸਭ ਤੋਂ ਵੱਡਾ ਤੇਲ ਸਪਲਾਈਰ ਸੀ। ਇਸ ਦੇ ਇਸ ਸਾਲ ਵੀ ਵੱਡਾ ਤੇਲ ਸਪਲਾਈਰ ਰਹਿਣ ਦੀ ਸੰਭਾਵਨਾ ਹੈ।
Photo
ਪਿਛਲੇ ਤਿੰਨ ਚਾਰ ਦਿਨਾਂ ਦੌਰਾਨ ਵੀ ਭਾਰਤੀ ਕੰਪਨੀਆਂ ਨੇ ਇਰਾਕ ਤੋਂ ਤੇਲ ਖ਼ਰੀਦਣ ਦੇ ਸਮਝੌਤੇ ਕੀਤੇ ਹਨ। ਸਾਲ 2019-20 ਦੇ ਪਹਿਲੇ ਛੇ ਮਹੀਨਿਆਂ ਵਿਚ, ਭਾਰਤੀ ਤੇਲ ਕੰਪਨੀਆਂ ਨੇ ਇਰਾਕ ਤੋਂ 26 ਕਰੋੜ ਟਨ ਕੱਚਾ ਤੇਲ ਖ਼ਰੀਦਿਆ ਹੈ।
Photo
ਇਸੇ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਕੀਮਤਾਂ 'ਚ ਤਕਰੀਬਨ 5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸੋਮਵਾਰ ਨੂੰ ਬੇਂਟ ਕੱਚੇ ਤੇਲ ਦੀ ਕੀਮਤ 69.62 ਡਾਲਰ ਪ੍ਰਤੀ ਬੈਰਲ ਪਹੁੰਚ ਗਈ ਹੈ। ਭਾਰਤ ਲਈ ਵੱਡੀ ਚਿੰਤਾ ਇਹ ਵੀ ਹੈ ਕਿ ਛੇ ਦੇਸ਼ਾਂ ਵਿਚੋਂ ਤਿੰਨ ਦੇਸ਼ ਇਰਾਨ, ਇਰਾਕ ਤੇ ਵੈਨਜ਼ੁਏਲਾ ਸੰਕਟ ਵਿਚ ਫਸ ਗਏ ਹਨ।
Photo
ਇਨ੍ਹਾਂ ਦੇਸ਼ਾਂ ਵਿਚੋਂ ਭਾਰਤ ਸਭ ਤੋਂ ਵੱਧ ਤੇਲ ਖ਼ਰੀਦਦਾ ਸੀ। ਭਾਰਤ ਨੇ ਇਰਾਨ ਤੋਂ ਤੇਲ ਖ਼ਰੀਦਣਾ ਬੰਦ ਕਰ ਦਿਤਾ ਹੈ। ਵੈਨਜ਼ੂਏਲਾ ਦੀ ਸਥਿਤੀ ਕਾਰਨ ਇਸ ਤੋਂ ਤੇਲ ਖ਼ਰੀਦ ਘੱਟ ਕਰ ਕੇ ਇਕ ਤਿਹਾਈ ਕਰ ਦਿਤੀ ਗਈ ਹੈ। ਹੁਣ ਭਾਰਤ ਕੋਲ ਰੂਸ, ਅਮਰੀਕਾ ਤੇ ਨਾਈਜ਼ੀਰੀਆ ਦਾ ਵਿਕਲਪ ਹੀ ਬਚਦਾ ਹੈ।