
ਲਿਖਿਆ ਕਿ ਚਿੱਠੀ ਪੜ੍ਹ ਕੇ ਪਾੜ ਦੇਵੇ, ਅਤੇ ਕਿਸੇ ਨੂੰ ਨਾ ਦਿਖਾਵੇ
ਕਾਨਪੁਰ - ਇੱਕ ਅਜੀਬ ਘਟਨਾ ਵਿੱਚ, ਕਨੌਜ ਵਿੱਚ ਇੱਕ 47 ਸਾਲਾ ਸਰਕਾਰੀ ਬੇਸਿਕ ਸਕੂਲ ਅਧਿਆਪਕ ਨੂੰ ਅੱਠਵੀਂ ਜਮਾਤ 'ਚ ਪੜ੍ਹਦੀ ਆਪਣੀ 13 ਸਾਲਾ ਵਿਦਿਆਰਥਣ ਨਾਲ ਪਿਆਰ ਹੋ ਗਿਆ।
ਅਧਿਆਪਕ ਨੇ ਵਿਦਿਆਰਥਣ ਨੂੰ ਲਿਖੇ ਇੱਕ ਪ੍ਰੇਮ ਪੱਤਰ ਵਿੱਚ ਉਸ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ। ਉਸ ਨੇ ਵਿਦਿਆਰਥਣ ਨੂੰ ਪੱਤਰ ਪੜ੍ਹਨ ਤੋਂ ਬਾਅਦ ਪਾੜ ਦੇਣ ਲਈ ਕਿਹਾ।
ਵਿਦਿਆਰਥਣ ਨੇ ਇਸ ਚਿੱਠੀ ਬਾਰੇ ਆਪਣੇ ਮਾਤਾ-ਪਿਤਾ ਨੂੰ ਦੱਸਿਆ, ਜਿਨ੍ਹਾਂ ਨੇ ਪੁਲਿਸ ਕੋਲ ਪਹੁੰਚ ਕੀਤੀ ਅਤੇ ਅਧਿਆਪਕ 'ਤੇ ਛੇੜਛਾੜ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ। ਮਾਮਲਾ ਥਾਣਾ ਸਦਰ ਕੋਤਵਾਲੀ ਖੇਤਰ ਦੇ ਇੱਕ ਪਿੰਡ ਦਾ ਹੈ।
ਵਿਦਿਆਰਥਣ ਦੇ ਪਿਤਾ ਨੇ ਦੋਸ਼ ਲਾਇਆ ਕਿ ਜਦੋਂ ਉਹ ਅਧਿਆਪਕ ਕੋਲ ਪਹੁੰਚੇ ਅਤੇ ਉਸ ਨੂੰ ਅਜਿਹੀ ਹਰਕਤ ਕਰਨ ਲਈ ਮੁਆਫੀ ਮੰਗਣ ਲਈ ਕਿਹਾ, ਤਾਂ ਉਸ ਨੇ ਮੁਆਫ਼ੀ ਨਹੀਂ ਮੰਗੀ, ਸਗੋਂ ਉਲਟਾ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਲੜਕੀ ਨੂੰ ਗ਼ਾਇਬ ਕਰ ਦੇਵੇਗਾ।
ਅਧਿਆਪਕ ਨੇ ਚਿੱਠੀ ਦੀ ਸ਼ੁਰੂਆਤ ਵਿਦਿਆਰਥਣ ਦਾ ਨਾਂਅ ਲਿਖ ਕੇ ਕੀਤੀ ਅਤੇ ਲਿਖਿਆ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਛੁੱਟੀਆਂ ਦੌਰਾਨ ਉਸ ਨੂੰ ਉਸ ਦੀ ਬਹੁਤ ਯਾਦ ਆਵੇਗੀ। ਜੇ ਉਸ ਨੂੰ ਮੌਕਾ ਮਿਲਦਾ ਹੈ, ਤਾਂ ਉਹ ਉਸ ਨੂੰ ਕਾਲ ਜ਼ਰੂਰ ਕਰੇ, ਅਧਿਆਪਕ ਨੇ ਅੱਗੇ ਲਿਖਿਆ।
ਉਸ ਨੇ ਲੜਕੀ ਨੂੰ ਲਿਖ ਕੇ ਕਿਹਾ ਕਿ ਉਹ ਉਸ ਨੂੰ ਛੁੱਟੀਆਂ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਮਿਲੇ, ਅਤੇ ਜੇਕਰ ਉਹ ਉਸ ਨੂੰ ਸੱਚਮੁੱਚ ਪਿਆਰ ਕਰਦੀ ਹੈ ਤਾਂ ਉਹ ਜ਼ਰੂਰ ਆਵੇਗੀ।
ਉਸ ਨੇ ਚਿੱਠੀ ਵਿੱਚ ਅੱਗੇ ਲਿਖਿਆ ਕਿ ਉਹ ਉਸਨੂੰ ਹਮੇਸ਼ਾ ਪਿਆਰ ਕਰਦਾ ਰਹੇਗਾ। ਉਸ ਨੇ ਵਿਦਿਆਰਥਣ ਨੂੰ ਲਿਖਿਆ ਕਿ ਉਹ ਪੱਤਰ ਪੜ੍ਹ ਕੇ ਪਾੜ ਦੇਵੇ ਅਤੇ ਕਿਸੇ ਨੂੰ ਨਾ ਦਿਖਾਵੇ।
ਐਸ.ਪੀ. ਕੁੰਵਰ ਅਨੁਪਮ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਜ਼ਿਲ੍ਹਾ ਮੁਢਲੀ ਸਿੱਖਿਆ ਅਫ਼ਸਰ ਕੌਸਤੁਭ ਸਿੰਘ ਨੇ ਕਿਹਾ, "ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਅਨੁਸਾਰ ਅਧਿਆਪਕ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।"
ਦੂਜੇ ਪਾਸੇ ਅਧਿਆਪਕ ਯੂਨੀਅਨ ਦੇ ਪ੍ਰਧਾਨ ਅਨੂਪ ਮਿਸ਼ਰਾ ਨੇ ਕਿਹਾ ਕਿ ਜੇਕਰ ਦੋਸ਼ ਸਹੀ ਪਾਏ ਗਏ ਤਾਂ ਯੂਨੀਅਨ ਦੋਸ਼ੀ ਅਧਿਆਪਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰੇਗੀ।