
ਸਰਕਾਰ ਨੇ ਚਿਤਾਵਨੀ ਦਿੱਤੀ ਸੀ ਕਿ ਜਿਹੜੇ ਲੋਕ ਸਨਿਚਰਵਾਰ ਸਾਮ 6 ਵਜੇ ਤਕ ਡਿਊਟੀ 'ਤੇ ਆਉਣਗੇ, ਉਨ੍ਹਾਂ ਨੂੰ ਹੀ ਟੀ.ਐਸ.ਆਰ.ਟੀ.ਸੀ. ਦਾ ਮੁਲਾਜ਼ਮ ਮੰਨਿਆ ਜਾਵੇਗਾ।
ਹੈਦਰਾਬਾਦ : ਤੇਲੰਗਾਨਾ ਸਰਕਾਰ ਨੇ ਐਤਵਾਰ ਨੂੰ ਤੇਲੰਗਾਨਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਟੀ.ਐਸ.ਆਰ.ਟੀ.ਸੀ.) ਦੇ 48 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਹ ਫ਼ੈਸਲਾ ਮੁਲਾਜ਼ਮਾਂ ਦੀ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਲਿਆ ਗਿਆ। ਸੂਬੇ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਬੀਤੇ ਐਤਵਾਰ ਨੂੰ ਦੇਰ ਸ਼ਾਮ ਆਵਾਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਤੋਂ ਬਾਅਦ ਉਨ੍ਹਾਂ ਕਿਹਾ ਕਿ ਟੀ.ਐਸ.ਆਰ.ਟੀ.ਸੀ. 'ਚ ਹੁਣ ਸਿਰਫ਼ 1200 ਮੁਲਾਜ਼ਮ ਹਨ। ਇਨ੍ਹਾਂ ਮੁਲਾਜ਼ਮਾਂ 'ਚ ਉਹ ਲੋਕ ਸ਼ਾਮਲ ਹਨ, ਜੋ ਹੜਤਾਲ 'ਚ ਸ਼ਾਮਲ ਨਹੀਂ ਸਨ ਜਾਂ ਫਿਰ ਅਲਟੀਮੇਟਮ ਤੋਂ ਬਾਅਦ ਸਨਿਚਰਵਾਰ ਸ਼ਾਮ 6 ਵਜੇ ਤਕ ਡਿਊਟੀ 'ਤੇ ਪਰਤ ਆਏ ਸਨ।
TSRTC stirke : Govt sacked over 48 thousand employees
ਅਣਮਿੱਥੇ ਸਮੇਂ ਲਈ ਹੜਤਾਲ 'ਤੇ ਬੈਠੇ ਮੁਲਾਜ਼ਮਾਂ ਨੂੰ ਸਰਕਾਰ ਨੇ ਸ਼ੁਕਰਵਾਰ ਦੇਰ ਰਾਤ ਚਿਤਾਵਨੀ ਦਿੱਤੀ ਸੀ ਕਿ ਜਿਹੜੇ ਲੋਕ ਸਨਿਚਰਵਾਰ ਸਾਮ 6 ਵਜੇ ਤਕ ਡਿਊਟੀ 'ਤੇ ਆਉਣਗੇ, ਉਨ੍ਹਾਂ ਨੂੰ ਹੀ ਟੀ.ਐਸ.ਆਰ.ਟੀ.ਸੀ. ਦਾ ਮੁਲਾਜ਼ਮ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਨੇ ਕਿਹਾ ਸੀ ਕਿ ਬਾਕੀਆਂ ਨੂੰ ਕਦੇ ਵੀ ਸੰਗਠਨ 'ਚ ਵਾਪਸ ਕੰਮ 'ਤੇ ਨਹੀਂ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਟੀ.ਐਸ.ਆਰ.ਟੀ.ਸੀ. ਨੂੰ ਸੂਬਾ ਸਰਕਾਰ ਅਧੀਨ ਮਰਜ਼ ਕਰਨ ਦੀ ਮੰਗ ਵੀ ਰੱਦ ਕਰ ਦਿੱਤੀ ਹੈ।
CM K. Chandrashekar Rao
ਜ਼ਿਕਰਯੋਗ ਹੈ ਕਿ ਟੀ.ਐਸ.ਆਰ.ਟੀ.ਸੀ. ਦੇ ਮੁਲਾਜ਼ਮ ਸੂਬਾ ਸਰਕਾਰ 'ਚ ਮਰਜ਼ ਕੀਤੇ ਜਾਣ ਦੀ ਮੰਗ ਲਈ ਅਣਮਿੱਥੇ ਸਮੇਂ ਤਕ ਹੜਤਾਲ 'ਤੇ ਹਨ। ਹੜਤਾਲ ਕਾਰਨ ਪੂਰੇ ਸੂਬੇ ਦੀਆਂ ਸੜਕਾਂ 'ਤੋਂ ਟੀ.ਐਸ.ਆਰ.ਟੀ.ਸੀ. ਦੀਆਂ ਬਸਾਂ ਗ਼ਾਇਬ ਹਨ। 10 ਹਜ਼ਾਰ ਤੋਂ ਵੱਧ ਬਸਾਂ ਡਿਪੋ 'ਚ ਹੀ ਖੜੀਆਂ ਹਨ। ਇਸ ਕਾਰਨ ਦੁਸ਼ਹਿਰੇ ਅਤੇ ਬਤਕੁੰਮਾ ਤਿਉਹਾਰ ਲਈ ਘਰ ਜਾ ਰਹੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਦੇ ਅਧਿਕਾਰੀ 2100 ਬਸਾਂ ਨੂੰ ਕਿਰਾਏ 'ਤੇ ਲੈ ਕੇ ਅਸਥਾਈ ਡਰਾਈਵਰਾਂ ਨੂੰ ਤਾਇਨਾਤ ਕਰ ਕੇ ਬੱਸ ਸੇਵਾ ਨੂੰ ਚਲਾ ਰਹੇ ਹਨ।