
ਪਿਛਲੇ ਦਿਨੀਂ ਚਰਚਾ ਵਿਚ ਆਏ ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਗੁਲਾਬ ਨੂੰ ਲੈ ਕੇ ਹੁਣ ਖ਼ਬਰ ਆਈ ਹੈ ਕਿ ਪਾਕਿਸਤਾਨ ਦੇ ਪੁਲਿਸ ਵਿਭਾਗ ਨੇ ਗੁਲਾਬ ਸਿੰਘ ...
ਲਾਹੌਰ : ਪਿਛਲੇ ਦਿਨੀਂ ਚਰਚਾ ਵਿਚ ਆਏ ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਗੁਲਾਬ ਨੂੰ ਲੈ ਕੇ ਹੁਣ ਖ਼ਬਰ ਆਈ ਹੈ ਕਿ ਪਾਕਿਸਤਾਨ ਦੇ ਪੁਲਿਸ ਵਿਭਾਗ ਨੇ ਗੁਲਾਬ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਤਾ ਹੈ। ਜਾਣਕਾਰੀ ਅਨੁਸਾਰ ਗੁਲਾਬ ਸਿੰਘ 'ਤੇ ਡਿਊਟੀ ਵਿਚ ਕੁਤਾਹੀ ਵਰਤਣ, ਡਿਊਟੀ ਦੌਰਾਨ ਵਰਦੀ ਪਾ ਕੇ ਵਿਦੇਸ਼ੀ ਮੀਡੀਆ ਨਾਲ ਗੱਲਬਾਤ ਕਰਨ ਅਤੇ ਪਿਛਲੇ 3 ਮਹੀਨੇ ਤੋਂ ਡਿਊਟੀ ਤੋਂ ਗ਼ੈਰ ਹਾਜ਼ਰ ਹੋਣ ਦੇ ਦੋਸ਼ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਹੁਕਮ ਲਾਹੌਰ ਦੇ ਐੱਸ.ਐੱਸ.ਪੀ ਵਲੋਂ ਜਾਰੀ ਕੀਤੇ ਗਏ ਹਨ।
Gulab Singh With Familyਜਾਣਕਾਰੀ ਅਨੁਸਾਰ ਸਿੱਖ ਪੁਲਿਸ ਅਫ਼ਸਰ ਗੁਲਾਬ ਸਿੰਘ ਟ੍ਰੈਫਿਕ ਵਾਰਡਨ ਦੇ ਤੌਰ 'ਤੇ ਆਪਣੀ ਡਿਊਟੀ ਕਰਦਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇਸ ਪੁਲਿਸ ਅਫ਼ਸਰ ਗੁਲਾਬ ਸਿੰਘ ਨੂੰ ਹੀ ਘਰੋਂ ਧੱਕੇ ਨਾਲ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਸ ਦੇ ਘਰ ਨੂੰ ਜਿੰਦਰਾ ਮਾਰ ਦਿਤਾ ਗਿਆ ਸੀ। ਇਸ ਸਾਰੇ ਮਾਮਲੇ ਦੀ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਇਸ ਸਿੱਖ ਪੁਲਿਸ ਅਫ਼ਸਰ ਦੀ ਦਸਤਾਰ ਲੱਥੀ ਹੋਈ ਸੀ ਤੇ ਉਸ ਦੇ ਕੇਸ ਖਿੱਲਰੇ ਹੋਏ ਦਿਖਾਈ ਦੇ ਰਹੇ ਸਨ।
Gulab Singhਇਸ ਤੋਂ ਪਹਿਲਾਂ ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਗੁਲਾਬ ਸਿੰਘ ਨੂੰ ਕਾਨੂੰਨੀ ਰਾਹਤ ਮਿਲ ਜਾਣ ਦੀ ਖ਼ਬਰ ਆਈ ਸੀ। ਦਸ ਦਈਏ ਕਿ ਜਦੋਂ ਬੀਤੇ ਦਿਨੀਂ ਪੁਲਿਸ ਅਫ਼ਸਰ ਗੁਲਾਬ ਸਿੰਘ ਨੂੰ ਕੁੱਝ ਲੋਕਾਂ ਨੇ ਧੱਕੇ ਨਾਲ ਘਰੋਂ ਕੱਢ ਦਿਤਾ ਸੀ ਤਾਂ ਉਸ ਸਮੇਂ ਗੁਲਾਬ ਸਿੰਘ ਵਲੋਂ ਇਲਜ਼ਾਮ ਲਗਾਏ ਗਏ ਸਨ ਕਿ ਪਾਕਿਸਤਾਨ ਵਿਚ ਸਿੱਖਾਂ ਨਾਲ ਤਸ਼ੱਦਦ ਹੋ ਰਿਹਾ ਹੈ। ਪਾਕਿਸਤਾਨ ਵਿਚ ਜਾਣਬੁੱਝ ਕੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦਕਿ ਜਾਂਚ ਦੌਰਾਨ ਗੁਲਾਬ ਸਿੰਘ ਦੀਆਂ ਸਾਰੀਆਂ ਗੱਲਾਂ ਝੂਠ ਪਾਈਆਂ ਗਈਆਂ ਸਨ।
Gulab Singh With Familyਇਸ ਤੋਂ ਬਾਅਦ ਇਸ ਘਟਨਾ ਦਾ ਨੋਟਿਸ ਲੈਂਦਿਆਂ ਲਾਹੌਰ ਜ਼ਿਲ੍ਹਾ ਸੈਸ਼ਨ ਕੋਰਟ ਨੇ ਪੁਲਿਸ ਤੇ ਔਕਾਫ਼ ਬੋਰਡ ਦੇ ਤਿੰਨ ਅਫ਼ਸਰਾਂ ਖ਼ਿਲਾਫ਼ ਅਦਾਲਤੀ ਮਾਣਹਾਨੀ ਦੇ ਨੋਟਿਸ ਜਾਰੀ ਕੀਤੇ ਸਨ। ਲਾਹੌਰ ਸੈਸ਼ਨ ਕੋਰਟ ਦੇ ਐਡੀਸ਼ਨਲ ਜੱਜ ਫਯਾਜ਼ ਅਹਿਮਦ ਨੇ ਐੱਸ.ਐੱਚ.ਓ. ਇਖਤਿਖਾਰ ਅਨਸਾਰੀ, ਬੋਰਡ ਦੇ ਵਧੀਕ ਸਕੱਤਰ ਤਾਰਿਕ ਵਜ਼ੀਰ ਤੇ ਡਿਪਟੀ ਸਕੱਤਰ ਅਕਰਮ ਜ਼ੋਯਾ ਨੂੰ ਮਾਣਹਾਨੀ ਨੋਟਿਸ ਜਾਰੀ ਕਰ ਦਿਤਾ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 13 ਜੁਲਾਈ ਨੂੰ ਹੋਈ ਸੀ।
Gulab Singhਜ਼ਿਕਰਯੋਗ ਹੈ ਕਿ ਘਰੋਂ ਬਾਹਰ ਕੱਢੇ ਜਾਣ ਉਪਰੰਤ ਗੁਲਾਬ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਘਰ ਦੇ ਸਾਹਮਣੇ ਇਕ ਰੁੱਖ ਹੇਠ ਰਾਤ ਬਿਤਾਈ ਸੀ।ਉਥੇ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਦੀ ਨਿਖੇਧੀ ਕੀਤੀ ਸੀ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੰਗ ਕੀਤੀ ਕਿ ਗੁਲਾਬ ਸਿੰਘ ਨੂੰ ਇਨਸਾਫ਼ ਦਿਵਾਏ ਜਾਣ ਦੀ ਗੱਲ ਆਖੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਨੂੰ ਗੰਭੀਰ ਮਾਮਲਾ ਦਸਿਆ ਸੀ।