
ਰਾਘਵ ਚੱਢਾ ਨੇ ਕਿਹਾ ਕਿ ਲੋਕਾਂ ਨੇ ਉਸ ਨੂੰ ਵੋਟ ਪਾਈ ਹੈ ਜੋ ਵਿਕਾਸ ਲਈ ਕੰਮ ਕਰਦਾ ਹੈ।
ਨਵੀਂ ਦਿੱਲੀ: ਨਗਰ ਨਿਗਮ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਕਾਰਨ ਆਮ ਆਦਮੀ ਪਾਰਟੀ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕੰਮ ਅਤੇ ਵਿਕਾਸ ਲਈ ਵੋਟਾਂ ਪਾਈਆਂ ਹਨ। ਉਹਨਾਂ ਕਿਹਾ ਕਿ ਦਿੱਲੀ ਦੇ ਲੋਕ ਦੱਸ ਚੁੱਕੇ ਹਨ ਕਿ ਉਹ ਕੰਮ ਕਰਨ ਵਾਲਿਆਂ ਨੂੰ ਸਮਰਥਨ ਦਿੰਦੇ ਹਨ ਨਾ ਕਿ ਉਹਨਾਂ ਨੂੰ ਬਦਨਾਮ ਕਰਨ ਵਾਲਿਆਂ ਨੂੰ।
ਰਾਘਵ ਚੱਢਾ ਨੇ ਕਿਹਾ ਕਿ ਲੋਕਾਂ ਨੇ ਉਸ ਨੂੰ ਵੋਟ ਪਾਈ ਹੈ ਜੋ ਵਿਕਾਸ ਲਈ ਕੰਮ ਕਰਦਾ ਹੈ। ਅੱਜ ਦਿੱਲੀ ਨੇ ਉਸ ‘ਚਿੱਕੜ’ ਦਾ ਸਫਾਇਆ ਕਰ ਦਿੱਤਾ ਹੈ ਜੋ ਭਾਜਪਾ ਨੇ ਅਰਵਿੰਦ ਕੇਜਰੀਵਾਲ 'ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਸੀ। ਅਸੀਂ ਦਿੱਲੀ ਨੂੰ ਸਭ ਤੋਂ ਖ਼ੂਬਸੂਰਤ ਸ਼ਹਿਰ ਬਣਾਵਾਂਗੇ।
ਉਹਨਾਂ ਅੱਗੇ ਕਿਹਾ ਕਿ ਭਾਜਪਾ ਨੇ ਦਿੱਲੀ ’ਚ ਗੰਦਗੀ ਪੈਦਾ ਕੀਤੀ ਹੈ, ਨਗਰ ਨਿਗਮ ਦੀ ਪਹਿਲੀ ਅਤੇ ਸੰਵਿਧਾਨਕ ਜ਼ਿੰਮੇਵਾਰੀ ਸਫ਼ਾਈ ਹੁੰਦੀ ਹੈ। ਦਿੱਲੀ ਦੇ ਲੋਕਾਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਅਰਵਿੰਦ ਕੇਜਰੀਵਾਲ ਨੇ ਨਿਭਾਇਆ। ਹੁਣ ਨਗਰ ਨਿਗਮ ਦੀ ਜ਼ਿੰਮੇਵਾਰੀ ਸਾਡੇ ਸਿਰ ਆਵੇਗੀ ਤਾਂ ਸਫ਼ਾਈ ਹੋਵੇਗੀ।