
ਲਾਡੋਵਾਲ ਟੋਲ ਪਲਾਜ਼ਾ ਨੂੰ ਕਰੀਬ ਤਿੰਨ ਘੰਟੇ ਤਕ ਰਖਿਆ ਬੰਦ
ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਮੰਡਲ ਪ੍ਰਧਾਨਾਂ ਦੇ ਸਹਿਯੋਗ ਨਾਲ ਲਾਡੋਵਾਲ ਟੋਲ ਪਲਾਜ਼ਾ ’ਤੇ ਧਰਨਾ ਦਿਤਾ ਅਤੇ ਲਾਡੋਵਾਲ ਟੋਲ ਪਲਾਜ਼ਾ ਨੂੰ ਕਰੀਬ ਤਿੰਨ ਘੰਟੇ ਤਕ ਬੰਦ ਰਖਿਆ। ਜਦ ਤਕ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ, ਉਦੋਂ ਤਕ ਟੋਲ ਫਰੀ ਕਰ ਦਿਤਾ ਗਿਆ।
ਜਿਵੇਂ ਹੀ 3 ਵਜੇ ਪ੍ਰਦਰਸ਼ਨ ਖ਼ਤਮ ਹੋਇਆ ਤਾਂ ਟੋਲ ਫਿਰ ਤੋਂ ਸ਼ੁਰੂ ਕਰ ਦਿਤਾ ਗਿਆ। ਚੇਅਰਮੈਨ ਗਿੱਲ ਨੇ ਕਿਹਾ ਕਿ ਕਿਸਾਨਾਂ ਨੇ ਸਰਕਾਰ ਨੂੰ ਪਿਛਲੇ ਇਕ ਮਹੀਨੇ ਤੋਂ 6 ਜੂਨ 2023 ਤਕ ਦਾ ਅਲਟੀਮੇਟਮ ਦਿਤਾ ਸੀ ਪਰ ਜਦੋਂ ਸਰਕਾਰ ਨੇ ਕੋਈ ਹੱਲ ਨਾ ਕੱਢਿਆ ਤਾਂ ਕਿਸਾਨਾਂ ਨੇ ਸ਼ਾਹਬਾਦ ਵਿਚ ਸੜਕ ਜਾਮ ਕਰ ਦਿਤੀ, ਫਿਰ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਇਕ ਕਿਸਾਨ ਸ਼ਹੀਦ ਹੋ ਗਿਆ।
ਬਾਕੀ ਕਿਸਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ 3:30 ਵਜੇ ਉਨ੍ਹਾਂ ਨੂੰ ਜਥੇਬੰਦੀ ਦਾ ਫੋਨ ਆਇਆ ਸੀ ਕਿ ਧਰਨਾ ਸਮਾਪਤ ਕਰ ਦਿਤਾ ਜਾਵੇ।
ਸ਼ਾਹਬਾਦ 'ਚ ਹੋਈ ਮੀਟਿੰਗ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਕਿ 12 ਜੂਨ ਨੂੰ ਸਾਰੇ ਸੂਬਿਆਂ ਦੇ ਕਿਸਾਨ ਪਿਪਲੀ ਦੀ ਦਾਣਾਮੰਡੀ 'ਚ ਇਕੱਠੇ ਹੋ ਕੇ ‘ਐਮ.ਐਸ.ਪੀ. ਲਿਆਉ ਕਿਸਾਨ ਬਚਾਉ’ ਅੰਦੋਲਨ ਸ਼ੁਰੂ ਕਰਨਗੇ। ਉਧਰ ਟੋਲ ਪਲਾਜ਼ਾ ਦੇ ਮੈਨੇਜਰ ਅਨੂਪ ਦਾਸ ਨੇ ਦਸਿਆ ਕਿ ਤਿੰਨ ਘੰਟਿਆਂ ਵਿਚ 10 ਲੱਖ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਪਹਿਰ 12 ਤੋਂ 3 ਵਜੇ ਤਕ ਜ਼ਿਆਦਾ ਵਾਹਨ ਆਉਂਦੇ ਰਹਿੰਦੇ ਹਨ।