
ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਸਰਕਾਰ 'ਤੇ ਸਾਰੇ ਮੋਰਚਿਆਂ 'ਤੇ ਫੇਲ੍ਹ ਰਹਿਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਹੁਣ ਦੇਸ਼ ਵਿਚ...
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਸਰਕਾਰ 'ਤੇ ਸਾਰੇ ਮੋਰਚਿਆਂ 'ਤੇ ਫੇਲ੍ਹ ਰਹਿਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਹੁਣ ਦੇਸ਼ ਵਿਚ ਬਦਲਵੇਂ ਵਿਚਾਰ 'ਤੇ ਗ਼ੌਰ ਕਰਨ ਅਤੇ ਅਪਣਾਉਣ ਦੀ ਲੋੜ ਹੈ। ਸਿੰਘ ਨੇ ਕਿਹਾ ਕਿ ਇਸ ਸਰਕਾਰ ਵਿਚ ਕਿਸਾਨ ਅਤੇ ਨੌਜਵਾਨ ਪਰੇਸ਼ਾਨ ਹਨ ਤਾਂ ਦਲਿਤਾਂ ਅਤੇ ਘੱਟ ਗਿਣਤੀਆਂ ਵਿਚ ਅਸੁਰੱਖਿਆ ਦਾ ਮਾਹੌਲ ਹੈ। ਉਹ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਦੀ ਪੁਸਤਕ 'ਸ਼ੇਡਸ ਆਫ਼ ਟਰੁੱਥ' ਦੀ ਘੁੰਡ ਚੁਕਾਈ ਦੇ ਮੌਕੇ 'ਤੇ ਬੋਲ ਰਹੇ ਸਨ।
Dr. Manmohan Singh
ਉਨ੍ਹਾਂ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੇ ਨਾਲ ਇਸ ਪੁਸਤਕ ਦੀ ਘੁੰਡ ਚੁਕਾਈ ਕੀਤੀ। ਮਨਮੋਹਨ ਸਿੰਘ ਨੇ ਪੁਸਤਕ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਪੁਸਤਕ ਬਹੁਤ ਚੰਗੀ ਤਰ੍ਹਾਂ ਖੋਜ ਕਰਨ ਤੋਂ ਬਾਅਦ ਲਿਖੀ ਗਈ ਹੈ। ਇਹ ਪੁਸਤਕ ਮੋਦੀ ਸਰਕਾਰ ਦਾ ਪੂਰਨ ਵਿਸ਼ਲੇਸਣ ਹੈ। ਇਹ ਸਰਕਾਰ ਦੀਆਂ ਨਾਕਾਮੀਆਂ ਨੂੰ ਬਿਆਨ ਕਰਦੀ ਹੈ। ਇਹ ਵਿਚ ਦਸਿਆ ਗਿਆ ਹੈ ਕਿ ਸਰਕਾਰ ਨੇ ਜੋ ਵਾਅਦੇ ਕੀਤੇ, ਪੂਰੇ ਨਹੀਂ ਕੀਤੇ। ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਵਿਚ ਖੇਤੀ ਸੰਕਟ ਹੈ। ਕਿਸਾਨ ਪਰੇਸ਼ਾਨ ਹਨ ਅਤੇ ਅੰਦੋਲਨ ਕਰ ਰਹੇ ਹਨ।
Hamid Ansari, Dr. Manmohan Singh and Kapil Sibal
ਨੌਜਵਾਨ ਦੋ ਕਰੋੜ ਨੌਕਰੀਆਂ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਉਦਯੋਗਿਕ ਪੈਦਾਵਾਰ ਅਤੇ ਤਰੱਕੀ ਰੁਕ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੋਟਬੰਦੀ ਅਤੇ ਗ਼ਲਤ ਤਰੀਕੇ ਨਾਲ ਲਾਗੂ ਕੀਤੀ ਗਈ ਜੀਐਸਟੀ ਦੀ ਵਜ੍ਹਾ ਨਾਲ ਕਾਰੋਬਾਰ 'ਤੇ ਅਸਰ ਪਿਆ। ਵਿਦੇਸ਼ਾਂ ਵਿਚ ਕਥਿਤ ਤੌਰ 'ਤੇ ਜਮ੍ਹਾਂ ਪੈਸੇ ਨੂੰ ਲਿਆਉਣ ਲਈ ਕੁੱਝ ਨਹੀਂ ਕੀਤਾ ਗਿਆ। ਦਲਿਤ ਅਤੇ ਘੱਟ ਗਿਣਤੀ ਡਰੇ ਹੋਏ ਹਨ। ਉਨ੍ਹਾਂ ਨੇ ਸਰਕਾਰ 'ਤੇ ਵਿਦੇਸ਼ ਨੀਤੀ ਦੇ ਮੋਰਚੇ 'ਤੇ ਫੇਲ੍ਹ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਗੁਆਂਢੀਆਂ ਦੇ ਨਾਲ ਸਾਡੇ ਦੇਸ਼ ਦੇ ਸਬੰਧ ਖ਼ਰਾਬ ਹੋਏ ਹਨ।
Dr. Manmohan Singh
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਅਕ ਆਜ਼ਾਦੀ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਯੂਨੀਵਰਸਿਟੀਆਂ ਦੇ ਮਾਹੌਲ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਦਲਵੇਂ ਵਿਚਾਰ 'ਤੇ ਗੌਰ ਕਰਨ ਅਤੇ ਅਪਣਾਉਣ ਦੀ ਬੇਹੱਦ ਲੋੜ ਹੈ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀ ਜਮ ਕੇ ਆਲੋਚਨਾ ਕੀਤੀ ਅਤੇ ਉਸ ਨੂੰ ਦੇਸ਼ ਦੀ ਆਰਥਿਕਤਾ ਨੂੰ ਕਮਜ਼ੋਰ ਕਰਨ ਵਾਲੀ ਸਰਕਾਰ ਦਸਿਆ।