
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਵਾਜਾਈ ਦੇ ਖੇਤਰ ਵਿਚ ਨਵੀਂ ਕਾਰਜਯੋਜਨਾ ਪੇਸ਼ ਕੀਤੀ ਹੈ ਜਿਸ ਵਿਚ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਵਿਚ ਨਿਵੇਸ਼..............
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਵਾਜਾਈ ਦੇ ਖੇਤਰ ਵਿਚ ਨਵੀਂ ਕਾਰਜਯੋਜਨਾ ਪੇਸ਼ ਕੀਤੀ ਹੈ ਜਿਸ ਵਿਚ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਵਿਚ ਨਿਵੇਸ਼ ਅਤੇ ਯਾਤਰਾ ਲਈ ਜਨਤਕ ਆਵਾਜਾਈ ਦੀ ਵਰਤੋਂ ਕਰਨ 'ਤੇ ਜ਼ੋਰ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਮ ਅਤੇ ਭੀੜਭਾੜ ਨਾਲ ਵਾਤਾਵਰਣ ਅਤੇ ਅਰਥਵਿਵਸਥਾ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਜਾਮ-ਮੁਕਤ ਆਵਾਜਾਈ ਪ੍ਰਬੰਧ ਕਾਫ਼ੀ ਅਹਿਮ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਦੁਨੀਆਂ ਦੀ ਸੱਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹੈ ਜਿਥੇ 100 ਸਮਾਰਟ ਸ਼ਹਿਰਾਂ ਦਾ ਨਿਰਮਾਣ ਹੋ ਰਿਹਾ ਹੈ। ਸੜਕਾਂ, ਹਵਾਈ ਅੱਡਿਆਂ, ਰੇਲਵੇ ਲਾਈਨ ਅਤੇ ਬੰਦਰਗਾਹਾਂ ਦਾ ਪਹਿਲਾਂ ਤੋਂ ਤੇਜ਼ੀ ਗਤੀ ਨਾਲ ਨਿਰਮਾਣ ਕਾਰਜ ਜਾ ਰਿਹਾ ਹੈ। ਪ੍ਰਧਾਨ ਮੰਤਰੀ ਇਥੇ ਵਿਸ਼ਵ ਮੋਬਿਲਟੀ ਸਿਖਰ ਸੰਮੇਲਨ 'ਮੂਵ' ਦਾ ਉਦਘਾਟਨ ਕਰਨ ਮਗਰੋਂ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਨਾਲ ਸਿੱਝਣ ਲਈ ਸਾਫ਼-ਸੁਥਰੀ ਊਰਜਾ ਨਾਲ ਚੱਲਣ ਵਾਲੀ ਆਜਾਵਾਈ ਵਿਵਸਥਾ ਸੱਭ ਤੋਂ ਸ਼ਕਤੀਸ਼ਾਲੀ ਹਥਿਆਰ ਹੋ ਸਕਦੀ ਹੈ। ਮੋਦੀ ਨੇ ਕਿਹਾ, 'ਸਾਨੂੰ ਸਵੱਛ ਕਿਲੋਮੀਟਰ ਦਾ ਵਿਚਾਰ ਅੱਗੇ ਵਧਾਉਣਾ ਚਾਹੀਦਾ ਹੈ।
ਪ੍ਰਦੂਸ਼ਣ ਰਹਿਤ ਸਾਫ਼ ਸੁਥਰੀ ਆਵਾਜਾਈ ਵਿਵਸਥਾ ਨਾਲ ਸਾਡਾ ਵਾਤਾਵਰਣ, ਹਵਾ ਸਾਫ਼ ਹੋਵੇਗੀ ਅਤੇ ਸਾਡੇ ਲੋਕਾਂ ਦਾ ਰਹਿਣ-ਸਹਿਣ ਵੀ ਦਰੁਸਤ ਹੋਵੇਗਾ।' ਉਨ੍ਹਾਂ ਦੇਸ਼ ਵਿਚ ਗਤੀਸ਼ੀਲਤਾ ਬਾਰੇ ਕਿਹਾ, 'ਭਵਿੱਖ ਵਿਚ ਆਵਾਜਾਈ ਦੇ ਸਾਧਨਾਂ ਬਾਰੇ ਮੇਰੀ ਸੋਚ ਸੱਤ 'ਸੀ' 'ਤੇ ਟਿਕੀ ਹੈ। ਇਹ ਸੱਤ ਸੀ ਹਨ-ਕਾਮਨ, ਕਨੈਕਟਡ, ਕਨਵੀਨੀਅੰਟ, ਕੰਜੈਸ਼ਨ-ਫ਼ਰੀ, ਚਾਰਜਡ, ਕਲੀਨ, ਕਟਿੰਗ ਐੱਜ ਹਨ। (ਏਜੰਸੀ)