
ਐਨਆਰਸੀ ਦੀ ਫ਼ਾਈਨਲ ਸੂਚੀ 'ਚ ਜਿਨ੍ਹਾਂ ਲੋਕਾਂ ਦੇ ਨਾਂ ਨਹੀਂ ਹਨ, ਉਹ 120 ਦਿਨਾਂ ਦੇ ਅੰਦਰ ਫ਼ੋਰਨਰਜ਼ ਟ੍ਰਿਬਿਊਨਲ 'ਚ ਦਾਅਵਾ ਕਰ ਸਕਣਗੇ।
ਗੁਵਾਹਟੀ : ਅਸਾਮ ਸਰਕਾਰ ਨੇ ਰਾਸ਼ਟਰੀ ਨਾਗਰਿਕ ਰਜ਼ਿਸਟਰ (ਐਨਆਰਸੀ) ਦੀ ਫ਼ਾਈਨਲ ਸੂਚੀ ਬੀਤੀ 31 ਅਗਸਤ ਨੂੰ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਲਗਭਗ 19 ਲੱਖ ਲੋਕਾਂ ਦੇ ਨਾਂ ਸ਼ਾਮਲ ਨਹੀਂ ਹਨ। ਇਨ੍ਹਾਂ ਲੋਕਾਂ 'ਚ ਚੰਦਰਯਾਨ ਮਿਸ਼ਨ-2 ਦੇ ਸਲਾਹਕਾਰ ਅਤੇ ਮੁੱਖ ਵਿਗਿਆਨੀ ਜਿਤੇਂਦਰ ਨਾਥ ਗੋਸਵਾਮੀ ਦਾ ਨਾਂ ਵੀ ਸ਼ਾਮਲ ਹੈ। ਗੋਸਵਾਮੀ ਦੇ ਨਾਲ ਹੀ ਉਨ੍ਹਾਂ ਦੇ ਪਰਵਾਰ ਵਾਲਿਆਂ ਦੇ ਨਾਂ ਵੀ ਇਸ ਸੂਚੀ 'ਚੋਂ ਗ਼ਾਇਬ ਹਨ।
Dr. Jitendra Nath Goswami
ਐਨਆਰਸੀ ਦੀ ਫ਼ਾਈਨਲ ਸੂਚੀ 'ਚ ਨਾਮ ਨਾ ਹੋਣ ਦੇ ਸਵਾਲ 'ਤੇ ਡਾ. ਗੋਸਵਾਮੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਵਾਰ ਪਿਛਲੇ 20 ਸਾਲ ਤੋਂ ਅਹਿਮਦਾਬਾਦ 'ਚ ਰਹਿ ਰਿਹਾ ਹੈ। ਐਨਆਰਸੀ 'ਚ ਨਾਂ ਸ਼ਾਮਲ ਕਰਵਾਉਣ ਲਈ ਭਾਵੇਂ ਉਨ੍ਹਾਂ ਨੇ ਜ਼ਰੂਰੀ ਕਦਮ ਨਹੀਂ ਚੁੱਕੇ ਪਰ ਉਨ੍ਹਾਂ ਦਾ ਪਰਵਾਰ ਉਥੇ ਮੌਜੂਦ ਹੈ। ਉਨ੍ਹਾਂ ਦੀ ਜੋਰਹਾਟ 'ਚ ਜ਼ਮੀਨ ਵੀ ਹੈ। ਇਸ ਦੇ ਬਾਵਜੂਦ ਉਨ੍ਹਾਂ ਦੇ ਨਾਂ ਐਨਆਰਸੀ 'ਚ ਨਹੀ ਹਨ।
Dr. Jitendra Nath Goswami
ਗੋਸਵਾਮੀ ਨੇ ਕਿਹਾ, "ਮੇਰੇ ਭਰਾ ਦਾ ਨਾਂ ਵੀ ਐਨਆਰਸੀ 'ਚ ਨਹੀਂ ਹੈ। ਮੈਂ ਉਸ ਨਾਲ ਗੱਲ ਕਰਾਂਗਾ। ਉਸ ਨੂੰ ਪੁੱਛਾਂਗਾ ਕਿ ਹੁਣ ਅੱਗੇ ਕੀ ਕੀਤਾ ਜਾ ਸਕਦਾ ਹੈ। ਸਾਡਾ ਪਰਵਾਰ ਅਹਿਮਦਾਬਾਦ 'ਚ ਹੀ ਰਹਿੰਦਾ ਹੈ ਅਤੇ ਇਥੇ ਵੋਟ ਵੀ ਦਿੰਦੇ ਹਾਂ। ਇਸ ਲਈ ਮੇਰੇ ਪਰਵਾਰ 'ਤੇ ਸ਼ਾਇਦ ਇਸ ਦਾ ਅਸਰ ਨਾ ਪਵੇ।" ਡਾ. ਗੋਸਵਾਮੀ ਅਸਾਮ ਵਿਧਾਨ ਸਭਾ ਦੇ ਸਪੀਕਰ ਹਿਤੇਂਦਰ ਨਾਥ ਗੋਸਵਾਮੀ ਦੇ ਭਰਾ ਹਨ। ਗੋਸਵਾਮੀ ਮੰਗਲਯਾਨ ਮਿਸ਼ਨ ਨਾਲ ਜੁੜੇ ਰਹੇ ਹਨ। ਉਹ ਚੰਦਰਯਾਨ ਮਿਸ਼ਨ-2 ਦੇ ਵੀ ਸਲਾਹਕਾਰ ਰਹੇ ਹਨ।
NRC
ਐਨਆਰਸੀ ਦੀ ਫ਼ਾਈਨਲ ਸੂਚੀ 'ਚ ਜਿਨ੍ਹਾਂ ਲੋਕਾਂ ਦੇ ਨਾਂ ਨਹੀਂ ਹਨ, ਉਹ 120 ਦਿਨਾਂ ਦੇ ਅੰਦਰ ਫ਼ੋਰਨਰਜ਼ ਟ੍ਰਿਬਿਊਨਲ 'ਚ ਦਾਅਵਾ ਕਰ ਸਕਣਗੇ। ਇਸ ਤੋਂ ਬਾਅਦ ਵੀ ਉਨ੍ਹਾਂ ਲਈ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਦਰਵਾਜਾ ਖੁੱਲ੍ਹਾ ਰਹੇਗਾ। ਹਾਲਾਂਕਿ ਭਾਜਪਾ ਆਗੂਆਂ ਨੇ ਐਨਆਰਸੀ ਦੀ ਪ੍ਰਕਿਰਿਆ 'ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ 'ਚ ਇਥੇ ਦੇ ਲੋਕਾਂ ਦੇ ਨਾਂ ਇਸ 'ਚ ਨਹੀਂ ਹਨ। ਜ਼ਿਕਰਯੋਗ ਹੈ ਕਿ ਐਨਆਰਸੀ ਦੀ ਜਿਹੜੀ ਸੂਚੀ ਬੀਤੇ ਮਹੀਨੇ ਜਾਰੀ ਕੀਤੀ ਗਈ ਸੀ, ਉਸ 'ਚ 3,11,21,004 ਲੋਕ ਅਪਣੀ ਥਾਂ ਬਣਾਉਣ ਵਿਚ ਸਫ਼ਲ ਹੋਏ ਸਨ। ਲਗਭਗ 19,06,657 ਲੋਕਾਂ ਦੇ ਨਾਂ ਇਸ ਸੂਚੀ 'ਚ ਸ਼ਾਮਲ ਨਹੀਂ ਹਨ।
ENrolling NRC
ਕੀ ਹੈ ਐਨਆਰਸੀ?
ਅਸਾਮ ਨਾਲ ਜੁੜਿਆ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ (ਐਨਆਰਸੀ) ਉਹ ਦਸਤਾਵੇਜ਼ ਹੈ ਜਿਸ ਵਿਚ ਅਸਾਮ ਦੇ ਸਾਰੇ ਅਸਲੀ ਨਾਗਰਿਕਾਂ ਦਾ ਰਿਕਾਰਡ ਦਰਜ ਹੈ। ਸਾਲ 2015 ਵਿਚ 3.29 ਕਰੋੜ ਲੋਕਾਂ ਨੇ 6.63 ਕਰੋੜ ਦਸਤਾਵੇਜ਼ਾਂ ਨਾਲ ਐਨਆਰਸੀ ਵਿਚ ਆਪਣਾ ਨਾਂ ਸ਼ਾਮਲ ਕਰਾਉਣ ਲਈ ਅਰਜ਼ੀਆਂ ਦਿੱਤੀਆਂ ਸਨ। ਇਨ੍ਹਾਂ ਵਿਚੋਂ 2.89 ਕਰੋੜ ਲੋਕਾਂ ਨੂੰ ਤਾਂ ਨਾਗਰਿਕਤਾ ਦੇ ਦਿੱਤੀ ਗਈ ਹੈ ਪਰ 40 ਲੱਖ ਦੇ ਕਰੀਬ ਲੋਕ ਇਸ ਵਿਚ ਆਪਣਾ ਨਾਂ ਦਰਜ ਨਹੀਂ ਕਰਵਾ ਸਕੇ ਸਨ। ਇਹ ਪ੍ਰਕਿਰਿਆ ਦਰਅਸਲ ਅਸਾਮ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਕਥਿਤ ਬੰਗਲਾਦੇਸ਼ੀਆਂ ਵਿਰੁੱਧ ਛੇ ਸਾਲਾਂ ਦੇ ਲੰਬੇ ਅੰਦੋਲਨ ਦਾ ਨਤੀਜਾ ਹੈ। ਇਸ ਜਨ ਅੰਦੋਲਨ ਤੋਂ ਬਾਅਦ ਅਸਾਮ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ ਅਤੇ 1986 'ਚ ਨਾਗਰਿਕਤਾ ਐਕਟ (ਸਿਟੀਜ਼ਨਸ਼ਿਪ ਐਕਟ) ਵਿੱਚ ਸੋਧ ਕਰਕੇ ਅਸਾਮ ਲਈ ਇੱਕ ਵਿਸ਼ੇਸ਼ ਤਜਵੀਜ ਲਿਆਂਦੀ ਗਈ।
NRC List
ਸਿਟੀਜ਼ਨਸ਼ਿਪ ਐਕਟ ਦੀ ਧਾਰਾ 6 A ਦੇ ਤਹਿਤ, ਜੇ ਤੁਸੀਂ 1 ਜਨਵਰੀ, 1966 ਤੋਂ ਪਹਿਲਾਂ ਅਸਾਮ ਵਿੱਚ ਰਹਿੰਦੇ ਹੋ ਤਾਂ ਤੁਸੀਂ ਭਾਰਤੀ ਨਾਗਰਿਕ ਹੋ। ਜੇ ਤੁਸੀਂ ਜਨਵਰੀ 1966 ਅਤੇ 25 ਮਾਰਚ 1971 ਦੇ ਵਿਚਕਾਰ ਅਸਾਮ ਵਿੱਚ ਆਏ ਹੋ ਤਾਂ ਤੁਹਾਡੇ ਆਉਣ ਦੀ ਤਰੀਕ ਦੇ 10 ਸਾਲਾਂ ਬਾਅਦ ਤੁਹਾਨੂੰ ਇੱਕ ਭਾਰਤੀ ਨਾਗਰਿਕ ਵਜੋਂ ਰਜਿਸਟਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵੋਟ ਪਾਉਣ ਦੇ ਅਧਿਕਾਰ ਵੀ ਦਿੱਤੇ ਜਾਣਗੇ। ਜੇ ਤੁਸੀਂ 25 ਮਾਰਚ, 1971 ਤੋਂ ਬਾਅਦ ਭਾਰਤ ਵਿਚ ਦਾਖਲ ਹੋ ਗਏ ਹੋ - ਜੋ ਕਿ ਬੰਗਲਾਦੇਸ਼ ਲਿਬਰੇਸ਼ਨ ਵਾਰ ਦੀ ਸ਼ੁਰੂਆਰਤ ਦੀ ਵੀ ਤਰੀਕ ਹੈ - ਤਾਂ ਫ਼ੋਰਨਰਜ਼ ਟ੍ਰਿਬਿਊਨਲ ਦੁਆਰਾ ਇਕ ਗੈਰ-ਕਾਨੂੰਨੀ ਪਰਵਾਸੀ ਵਜੋਂ ਸ਼ਨਾਖਤ ਕਰਦਿਆਂ ਤੁਹਾਨੂੰ ਡਿਪੋਰਟ ਮਤਲਬ ਵਾਪਸ ਭੇਜ ਦਿੱਤਾ ਜਾਵੇਗਾ। ਇਸੇ ਕਾਨੂੰਨ ਦੇ ਹਿਸਾਬ ਨਾਲ ਐਨਆਰਸੀ ਤਿਆਰ ਕੀਤੀ ਗਈ ਹੈ।