ਕਾਂਗਰਸ ਨੇ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਢਾਈ ਰੁਪਏ ਲਿਟਰ ਦੀ ਕਮੀ ਬਾਰੇ ਕਿਹਾ ਕਿ ਇਹ ਪੰਜ ਰਾਜਾਂ ਵਿਚ ਚੋਣਾਂ ਨੂੰ ਵੇਖਦਿਆਂ ਵੋਟਰਾਂ ਨੂੰ ਛੁਣਛਣਾ ਦਿਤਾ ਗਿਆ.....
ਨੋਇਡਾ : ਕਾਂਗਰਸ ਨੇ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਢਾਈ ਰੁਪਏ ਲਿਟਰ ਦੀ ਕਮੀ ਬਾਰੇ ਕਿਹਾ ਕਿ ਇਹ ਪੰਜ ਰਾਜਾਂ ਵਿਚ ਚੋਣਾਂ ਨੂੰ ਵੇਖਦਿਆਂ ਵੋਟਰਾਂ ਨੂੰ ਛੁਣਛਣਾ ਦਿਤਾ ਗਿਆ ਹੈ ਅਤੇ ਨਰਿੰਦਰ ਮੋਦੀ ਸਰਕਾਰ ਨੂੰ ਪਟਰੌਲੀਅਮ ਉਤਪਾਦ ਨੂੰ ਜੀਐਸਟੀ ਤਹਿਤ ਲਿਆਂਦਾ ਜਾਣਾ ਚਾਹੀਦਾ ਹੈ। ਕਾਂਗਰਸ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਵੀਰਵਾਰ ਨੂੰ ਕੀਮਤਾਂ ਵਿਚ ਕਮੀ ਮਗਰੋਂ ਪਟਰੌਲ-ਡੀਜ਼ਲ ਦੀ ਕੀਮਤ ਫਿਰ ਤੋਂ ਵਧਣ ਲੱਗੀ ਹੈ। ਉਨ੍ਹਾਂ ਤੇਲ ਦੀ ਕੀਮਤ ਕੰਟਰੋਲ ਮੁਕਤ ਹੋਣ ਦੇ ਸਰਕਾਰ ਦੇ ਦਾਅਵਿਆਂ ਬਾਰੇ ਸਵਾਲ ਚੁਕਦਿਆਂ ਕਿਹਾ ਕਿ ਇਹ ਚੋਣ ਕੈਲੰਡਰ 'ਤੇ ਨਿਰਭਰ ਕਰਦਾ ਹੈ।
ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ 17 ਦਿਨ ਤਕ ਪਟਰੌਲ ਦੀਆਂ ਕੀਮਤਾਂ ਵਿਚ ਬਦਲਾਅ ਨਹੀਂ ਹੋਇਆ ਸੀ। ਗੁਜਰਾਤ ਚੋਣਾਂ ਵਿਚ ਵੀ ਅਜਿਹਾ ਹੀ ਵੇਖਣ ਨੂੰ ਮਿਲਿਆ। ਉਨ੍ਹਾਂ ਕਿਹਾ, 'ਅਸੀਂ ਪਟਰੌਲੀਅਮ ਪਦਾਰਥਾਂ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਉਣ ਦੀ ਅਪਣੀ ਮੰਗ ਦੁਹਰਾਉਂਦੇ ਹਾਂ ਤਾਕਿ ਮਹਿਜ਼ ਚੋਣ ਮੌਸਮ ਤੋਂ ਪਹਿਲਾਂ ਸਿਹਰਾ ਲੈਣ ਦੇ ਇਸ ਪਾਖੰਡ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ।' (ਏਜੰਸੀ)