ਬੰਬੇ ਹਾਈਕੋਰਟ ਨੇ ਸੁਰੱਖਿਅਤ ਰੱਖਿਆ ਜ਼ਮਾਨਤ ਦਾ ਫੈਸਲਾ
ਮੁੰਬਈ: ਰਿਪਬਲਿਕ ਮੀਡੀਆ ਨੈੱਟਵਰਕ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੇ ਜੇਲ੍ਹ ਵਿਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਮੁੰਬਈ ਪੁਲਿਸ 'ਤੇ ਕੁੱਟਮਾਰ ਕਰਨ ਦਾ ਦੋਸ਼ ਵੀ ਲਾਇਆ ਹੈ। ਅਰਨਬ ਨੂੰ ਪੁਲਿਸ ਨੇ 4 ਨਵੰਬਰ ਨੂੰ ਦੋ ਸਾਲ ਪੁਰਾਣੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ। ਅਰਨਬ ਨੇ ਪੁਲਿਸ ‘ਤੇ ਗ੍ਰਿਫਤਾਰੀ ਦੌਰਾਨ ਉਸ ਤੇ ਉਸ ਦੇ ਪਰਿਵਾਰ ਨਾਲ ਬੁਰਾ ਵਿਵਹਾਰ ਕਰਨ ਦੇ ਦੋਸ਼ ਲਗਾਏ ਸਨ। ਉਸਨੇ ਕਿਹਾ ਸੀ ਕਿ ਪੁਲਿਸ ਦੀ ਧੱਕਾਮੁਕੀ ਕਾਰਨ ਉਸ ਦੇ ਖੱਬੇ ਹੱਥ ਤੇ ਛੇ ਇੰਚ ਦਾ ਜ਼ਖ਼ਮ ਅਤੇ ਰੀੜ੍ਹ ਦੀ ਹੱਡੀ ਨੂੰ ਵੀ ਗੰਭੀਰ ਸੱਟ ਲੱਗੀ ਹੈ।
ਦੂਜੇ ਪਾਸੇ ਅਰਨਬ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਸਨਿੱਚਰਵਾਰ ਨੂੰ ਵੀ ਬੰਬੇ ਹਾਈ ਕੋਰਟ ਤੋਂ ਅਰਨਬ ਗੋਸਵਾਮੀ ਨੂੰ ਜ਼ਮਾਨਤ ਨਹੀਂ ਮਿਲ ਸਕੀ। ਸਾਰੇ ਪੱਖਾਂ ਦੀ ਸੁਣਵਾਈ ਤੋਂ ਬਾਅਦ ਬੰਬੇ ਹਾਈਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ। ਸੁਣਵਾਈ ਕਰ ਰਹੇ ਬੈਂਚ ਦਾ ਮੁਤਾਬਕ ਉਹ ਹਾਈ ਕੋਰਟ ਦੇ ਚੀਫ਼ ਜਸਟਿਸ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਜਲਦ ਹੀ ਆਪਣਾ ਫੈਸਲਾ ਸੁਣਾਏਗੀ। ਹਾਈ ਕੋਰਟ ਦਾ ਕਹਿਣਾ ਹੈ ਕਿ ਇਸ ਦੌਰਾਨ ਸਾਰੀਆਂ ਧਿਰਾਂ ਸੈਸ਼ਨ ਕੋਰਟ ਜਾਣ ਲਈ ਆਜ਼ਾਦ ਹਨ।
ਸ਼ਨੀਵਾਰ ਨੂੰ ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਵੀ ਬੈਂਚ ਨੇ ਸਾਰੀਆਂ ਧਿਰਾਂ ਨੂੰ ਦਸਿਆ ਕਿ ਜੇ ਅੱਜ ਬਹਿਸ ਪੂਰੀ ਨਾ ਹੋਈ ਤਾਂ ਦੀਵਾਲੀ ਦੀਆਂ ਛੁੱਟੀਆਂ ਕਾਰਨ ਇਹ ਮਾਮਲਾ 23 ਨਵੰਬਰ ਤਕ ਅਟਕ ਸਕਦਾ ਹੈ। ਹਾਲਾਂਕਿ, ਹਾਈ ਕੋਰਟ ਵਿਚ ਦੀਵਾਲੀ ਦੀਆਂ ਛੁੱਟੀਆਂ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ। ਬਹਿਸ ਖ਼ਤਮ ਹੋ ਜਾਣ ਕਾਰਨ ਬੈਂਚ, ਚੀਫ ਜਸਟਿਸ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਦੀਵਾਲੀ ਤੋਂ ਪਹਿਲਾਂ ਵੀ ਆਪਣਾ ਫੈਸਲਾ ਸੁਣਾ ਸਕਦਾ ਹੈ।
ਇਸ ਦੌਰਾਨ ਅਲੀਬਾਗ ਪੁਲਿਸ ਨੇ ਅਦਾਲਤ ਵਿਚ ਰਾਏਗੜ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੇ ਆਦੇਸ਼ ਨੂੰ ਚੁਣੌਤੀ ਦਿਤੀ ਹੈ, ਜਿਸ ਨੇ ਅਰਨਬ ਨੂੰ 18 ਨਵੰਬਰ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ। ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਤੈਅ ਕੀਤੀ ਗਈ ਹੈ। ਅਰਨਬ ਦੇ ਵਕੀਲ ਹਾਈ ਕੋਰਟ ਵਿਚ ਰਾਜ ਸਰਕਾਰ ‘ਤੇ ਸ਼ਕਤੀਆਂ ਦੀ ਦੁਰਵਰਤੋਂ ਕਰਨ ਤੋਂ ਇਲਾਵਾ ਪੱਖਪਾਤ ਕਰਨ ਦੇ ਦੋਸ਼ ਵੀ ਲਗਾ ਰਹੇ ਹਨ।