
ਕੇਂਦਰ ਸਰਕਾਰ ਨੇ ਟਵਿਟਰ ਨੂੰ 1,178 ਅਕਾਊਂਟ ਹਟਾਉਣ ਲਈ ਕਿਹਾ
ਨਵੀਂ ਦਿੱਲੀ: ਸੋਸ਼ਲ ਮੀਡੀਆ ਕੰਪਨੀ ਟਵਿਟਰ ਨੇ ਕੇਂਦਰੀ ਆਈਟੀ ਮੰਤਰਾਲੇ ਨਾਲ ਇਕ ਰਸਮੀ ਗੱਲਬਾਤ ਲਈ ਸੰਪਰਕ ਕੀਤਾ ਹੈ। ਸਰਕਾਰ ਨੇ ਟਵਿਟਰ ਨੂੰ ਕੁਝ ਟਵਿਟਰ ਹੈਂਡਲਸ ਦੀ ਸੂਚੀ ਭੇਜੀ ਸੀ ਅਤੇ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਟਵਿਟਰ ‘ਤੇ ਭੜਕਾਊ ਅਤੇ ਗੁੰਮਰਾਹਕੁਨ ਸਮੱਗਰੀ ਫੈਲਾਉਣ ਲਈ ਗਤੀਵਿਧੀਆਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਅਕਾਊਂਟ ਹਟਾਉਣ ਲਈ ਕਿਹਾ ਸੀ।
Jack Dorsey
ਟਵਿਟਰ ਨੇ ਦੱਸਿਆ ਕਿ ਉਹਨਾਂ ਨੇ ਗੱਲਬਾਤ ਲਈ ਸਰਕਾਰ ਨਾਲ ਸੰਪਰਕ ਕੀਤਾ ਹੈ ਅਤੇ ਉਸ ਲਈ ਉਸ ਦੇ ਕਰਮਚਾਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ’। ਟਵਿਟਰ ਦਾ ਇਹ ਜਵਾਬ ਉਸ ਸਮੇਂ ਆਇਆ ਹੈ ਜਦੋਂ ਸਰਕਾਰ ਨੇ ਟਵਿਟਰ ਨੂੰ 1000 ਤੋਂ ਜ਼ਿਆਦਾ ਅਕਾਊਂਟ ਹਟਾਉਣ ਲਈ ਕਿਹਾ ਹੈ।
Twitter
ਟਵਿਟਰ ਦੇ ਬੁਲਾਰੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘ਸਾਡੇ ਲਈ ਸਾਡੇ ਕਰਮਚਾਰੀਆਂ ਦੀ ਸੁਰੱਖਿਆ ਵੱਡੀ ਤਰਜੀਹ ਹੈ। ਅਸੀਂ ਪੂਰੇ ਸਤਿਕਾਰ ਨਾਲ ਭਾਰਤ ਸਰਕਾਰ ਦੇ ਸੰਪਰਕ ਵਿਚ ਰਹਿ ਰਹੇ ਹਾਂ ਅਤੇ ਅਸੀਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਇਕ ਮਤਰੀ ਨਾਲ ਰਸਮੀ ਗੱਲਬਾਤ ਲਈ ਸੰਪਰਕ ਕੀਤਾ’।
Twitter
ਖ਼ਬਰਾਂ ਅਨੁਸਾਰ ਸਰਕਾਰ ਨੇ ਟਵਿਟਰ ਨੂੰ 1,178 ਹੈਂਡਲਜ਼ ਦੇ ਨਾਮ ਦਿੱਤੇ ਸਨ ਅਤੇ ਉਹਨਾਂ ਨੂੰ ਹਟਾਉਣ ਲਈ ਕਿਹਾ ਸੀ। ਸਰਕਾਰ ਨੇ ਉਹਨਾਂ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਸਮਰਥਕ ਦੱਸਿਆ ਹੈ। ਕੰਪਨੀ ਦੇ ਤਾਜ਼ਾ ਬਿਆਨ ਵਿਚ ਬੁਲਾਰੇ ਨੇ ਕਿਹਾ, "ਅਸੀਂ ਦ੍ਰਿੜਤਾ ਨਾਲ ਯਕੀਨੀ ਬਣਾਉਂਦੇ ਹਾਂ ਕਿ ਸੂਚਨਾਵਾਂ ਦੇ ਮੁਕਤ ਆਦਾਨ-ਪ੍ਰਦਾਨ ਨਾਲ ਵਿਸ਼ਵ-ਵਿਆਪੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਅਤੇ ਟਵੀਟ ਦਾ ਪ੍ਰਵਾਹ ਜਾਰੀ ਰਹਿਣਾ ਚਾਹੀਦਾ ਹੈ।"
Twitter
ਕੰਪਨੀ ਨੇ ਕਿਹਾ ਕਿ ਉਹ ਅਜਿਹੀਆਂ ਰਿਪੋਰਟਾਂ 'ਤੇ ਉਚਿਤ ਕਦਮ ਚੁੱਕਦੀ ਹੈ। ਇਸ ਦੇ ਨਾਲ ਹੀ ਇਹ ਸੁਨਿਸ਼ਚਿਤ ਕਰਦੀ ਹੈ ਕਿ 'ਜਨਤਕ ਸੰਵਾਦ ਦੀ ਸੁਰੱਖਿਆ ਪ੍ਰਤੀ ਉਸ ਦੀ ਵਚਨਬੱਧਤਾ ਅਤੇ ਬੁਨਿਆਦੀ ਸਿਧਾਂਤ ਬਣੇ ਰਹਿਣ'।