
ਸੰਵਿਧਾਨ ‘ਤੇ ਅਧਾਰਿਤ ਹੋਇਆ ਵਿਆਹ ਬਣਿਆ ਇਕ ਉਦਾਹਰਣ
ਪੁਣੇ: ਹਾਲਾਂਕਿ ਪਿਛਲੇ ਸਮੇਂ ਦੌਰਾਨ ਭਾਰਤ ਵਿਚ ਬੇਮਿਸਾਲ ਵਿਆਹ ਦੇਖਣ ਨੂੰ ਮਿਲੇ ਹਨ ਅਤੇ ਕਈ ਅਜਿਹੇ ਜੋੜੇ ਹਨ ਜੋ ਅਨੋਖੇ ਤਰੀਕੇ ਨਾਲ ਵਿਆਹ ਕਰਵਾ ਕੇ ਇਸ ਬੰਧਨ ਵਿਚ ਜੁੜੇ ਹਨ। ਅਨੇਕਾਂ ਸਮਾਜਿਕ ਨਿਯਮਾਂ ਦੇ ਬਾਵਜੂਦ ਪੁਣੇ ਮਹਾਰਾਸ਼ਟਰ ਦੇ ਸਚਿਨ ਆਸ਼ਾ ਸੁਭਾਸ਼ ਅਤੇ ਸ਼ਰਵਾਰੀ ਸੁਰੇਖਾ ਨੇ 26 ਜਨਵਰੀ 2019 ਨੂੰ ਵਿਆਹ ਕਰਵਾਇਆ।
ਭਾਰਤ ਆਪਣੀ ਅਜ਼ਾਦੀ ਦੇ 70 ਸਾਲ ਮਨਾ ਚੁੱਕਿਆ ਹੈ, ਇਸ ਜੋੜੇ ਨੇ ਬਿਨਾਂ ਜਾਤ ਪਾਤ ਦਾ ਜ਼ਿਕਰ ਕੀਤੇ ਸੱਤਿਆਸ਼ੋਧਕ ਤਰੀਕੇ ਨਾਲ ਵਿਆਹ ਕਰਵਾ ਕੇ ਹੋਰਨਾਂ ਨੌਜਵਾਨਾਂ ਲਈ ਮਿਸਾਲ ਕਾਇਮ ਕੀਤੀ ਹੈ। ਸੱਤਿਆਸ਼ੋਧਕ ਵਿਆਹ ਦਾ ਸੰਕਲਪ ਇਹ ਹੈ ਕਿ ਵਿਆਹ ਬਿਨਾਂ ਪੁਜਾਰੀ ਅਤੇ ਧਾਰਮਿਕ ਰਸਮਾਂ ਦੇ ਕੀਤੇ ਜਾਂਦੇ ਹਨ। ਇਹ ਤਰੀਕਾ ਸਮਾਜ ਸੁਧਾਰਕ ਮਹਾਤਮਾ ਜਯੋਤੀਰਾਓ ਫੂਲੇ ਵੱਲ਼ੋਂ ਸਥਾਪਿਤ ਕੀਤਾ ਗਿਆ ਸੀ।
A unique marriage
ਭਾਰਤ ਵਿਚ ਵਿਆਹ ਦੌਰਾਨ ਧਰਮ, ਜਾਤ, ਵਰਗ ਅਤੇ ਸ਼ਾਨੋ-ਸ਼ੌਕਤ ਆਦਿ ‘ਤੇ ਵਧੇਰੇ ਧਿਆਨ ਦਿੱਤਾ ਜਾਂਦਾ ਹੈ। ਇਸਦੇ ਬਾਵਜੂਦ ਮਹਾਰਾਸ਼ਟਰ ਦੇ ਦੋ ਸਮਾਜ ਸੇਵਕਾਂ (Social Workers) ਨੇ ਬਿਨਾਂ ਜਾਤ ਪਾਤ (Casteless) ਦੇ ਜ਼ਿਕਰ ਤੋਂ ਵਿਆਹ ਕੀਤਾ ਹੈ। ਇਹ ਜੋੜਾ ਦੋ ਸਾਲ ਪਹਿਲਾਂ ਇਕ ਦੂਜੇ ਨੂੰ ਮਿਲਿਆ ਸੀ ਜਿਸ ਤੋਂ ਬਾਅਦ ਇਹਨਾਂ ਦੀ ਗੱਲਬਾਤ ਸ਼ੁਰੂ ਹੋਈ। ਜਦੋਂ ਉਹਨਾਂ ਨੇ ਆਪਣੇ ਵਿਆਹ ਬਾਰੇ ਗੱਲ ਕੀਤੀ ਤਾਂ ਉਹਨਾਂ ਸੋਚ ਲਿਆ ਸੀ ਕਿ ਉਹ ਆਪਣੇ ਵਿਆਹ ਨੂੰ ਸੱਚ ਵਿਚ ਹੀ ਇਕ ਉਦਾਹਰਣ ਬਣਾਉਣਗੇ।
ਸਚਿਨ ਦਾ ਕਹਿਣਾ ਹੈ ਕਿ ਉਹਨਾਂ ਦਾ ਵਿਆਹ ਸਭ ਲਈ ਇਕ ਉਦਾਹਰਣ ਸੀ, ਉਹਨਾਂ ਨੇ ਆਪਣੇ ਵਿਆਹ ਦੇ ਸੱਦਾ ਪੱਤਰ ਨਹੀਂ ਛਪਵਾਏ ਕਿਉਂਕਿ ਉਹਨਾਂ ਨੇ ਤਕਨੀਕ ਦੀ ਵਰਤੋਂ ਕਰਕੇ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਸੋਸ਼ਲ ਮੀਡੀਆ ‘ਤੇ ਹੀ ਸੱਦਾ ਭੇਜਿਆ ਸੀ। ਸੱਦੇ ਵਿਚ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਮਹਿੰਗੇ ਤੋਹਫੇ ਲਿਆਉਣ ਦੀ ਬਜਾਏ ਕਿਤਾਬਾਂ ਲਿਆਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਵਿਆਹ ‘ਤੇ ਕਰੀਬ 1000 ਲੋਕਾਂ ਨੂੰ ਸੱਦਿਆ ਸੀ ਅਤੇ ਉਹਨਾਂ ਨੇ 1200 ਤੋਂ ਵੀ ਜ਼ਿਆਦਾ ਕਿਤਾਬਾਂ ਹਾਸਿਲ ਕੀਤੀਆ, ਜਿਨ੍ਹਾਂ ਨੂੰ ਪਿੰਡਾਂ ਦੀਆਂ ਲਾਇਬ੍ਰੇਰੀਆਂ ਵਿਚ ਦਾਨ ਕੀਤਾ ਗਿਆ।
Casteless Wedding
ਸਿਰਫ ਇੰਨਾ ਹੀ ਨਹੀਂ ਆਪਣੇ ਕਾਸਟਲੈੱਸ ਵਿਆਹ ਵਿਚ ਜਾਤ ਅਧਾਰਿਤ ਪੱਖਪਾਤ ਨੂੰ ਖਤਮ ਕਰਨ ਲਈ ਉਹਨਾਂ ਨੇ ਆਪਣੇ ਗੋਤਾਂ ਨੂੰ ਆਪਣੇ ਪਰਿਵਾਰਾਂ ਤੋਂ ਛੁਪਾ ਕੇ ਰੱਖਿਆ। ਇਕ ਹਿੰਦੂ ਵਿਆਹ ਵਿਚ ਹੋਣ ਵਾਲੇ ਰੀਤੀ ਰਿਵਾਜ਼ ਉਹਨਾਂ ਦੇ ਵਿਆਹ ਵਿਚ ਦੇਖਣ ਨੂੰ ਨਹੀਂ ਮਿਲੇ। ਉਹਨਾਂ ਕਿਹਾ ਕਿ ਉਹ ਕੰਨਿਆ ਦਾਨ ਦੇ ਵਿਚਾਰ ਨੂੰ ਨਹੀਂ ਮੰਨਦੇ ਤੇ ਨਾ ਹੀ ਉਹਨਾਂ ਆਪਣੇ ਵਿਆਹ ਵਿਚ ਕੰਨਿਆ ਦਾਨ ਕਰਵਾਇਆ।
ਇਸਤੋਂ ਇਲਾਵਾ ਵਿਆਹ ਦੀ ਪ੍ਰਤਿਗਿਆ ਵੀ ਭਾਰਤੀ ਸਵਿਧਾਨ ‘ਤੇ ਅਧਾਰਿਤ ਸੀ। ਉਹਨਾਂ ਨੇ ਬਰਾਬਰੀ, ਮਿਹਨਤ, ਵਿਕਾਸ ਆਦਿ ਵਰਗੇ ਸੱਤ ਅਸੂਲਾਂ ਦੇ ਅਧਾਰ ‘ਤੇ ਵਿਆਹ ਕੀਤਾ। ਇਥੋਂ ਤੱਕ ਕਿ ਉਹਨਾਂ ਦੀ ਕੁੰਡਲੀ ਵੀ ਆਧੁਨਿਕ ਤਰੀਕੇ ਦੀ ਸੀ। ਸੁਭਾਸ਼ ਨੇ ਕਿਹਾ ਕਿ ਉਹਨਾਂ ਨੇ ਆਪਣੀ ਕੁੰਡਲੀ ਆਪ ਬਣਾਈ, ਜਿਸ ਵਿਚ ਵਿਦਿਅਕ ਯੋਗਤਾ, ਕਮਾਈ, ਅਤੇ ਪੁਰਾਣੇ ਵਿਚਾਰਾਂ ਤੋਂ ਇਲਾਵਾ ਹੋਰ ਕਈ ਚੀਜਾਂ ਨੂੰ ਮਿਲਾਇਆ। ਰਿਸ਼ਤੇਦਾਰਾਂ ਨੂੰ ਤੋਹਫੇ ਵਜੋਂ ਉਹਨਾਂ ਨੇ ਇਕ ਇਕ ਕਿਤਾਬ ਭੇਟ ਕੀਤੀ ਜਿਸ ਨੂੰ ਸ਼ਾਰਵਰੀ ਵੱਲੋਂ ਲਿਖਿਆ ਗਿਆ, ਇਸ ਕਿਤਾਬ ਵਿਚ ਉਹਨਾਂ ਦੇ ਅਨੋਖੇ ਵਿਆਹ ਦਾ ਸਾਰਾ ਵੇਰਵਾ ਲਿਖਿਆ ਗਿਆ ਹੈ।
ਵਿਆਹ ਦੀ ਰਸਮ ਪੁਣੇ ਦੇ ਰਾਸ਼ਟਰ ਸੇਵਾ ਦਲ ਆਡੀਟੋਰੀਅਮ ਵਿਚ ਹੋਈ, ਜਿਸ ਵਿਚ ਮਹਾਰਾਸ਼ਟਰ ਦੇ ਕਈ ਸਮਾਜ ਸੇਵਕ ਸ਼ਾਮਿਲ ਹੋਏ। ਅਦਾਰਾ ਸਪੋਕਸਮੈਨ ਇਹਨਾਂ ਦੀ ਇਸ ਸੋਚ ਨੂੰ ਸਲਾਮ ਕਰਦਾ ਹੈ।