
ਹਰਿਆਣਾ ਰੋਡਵੇਜ਼ ਦੀ ਦੋ ਦਿਨ ਦੀ ਹੜਤਾਲ ਤੋਂ ਬਾਅਦ ਹੁਣ ਟਰਾਂਸਪੋਰਟ ਵਿਭਾਗ ਨੇ ਮੁਲਾਜ਼ਮਾਂ ਦੀ ਤਨਖਾਹ ਕੱਟਣੀ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ: ਹਰਿਆਣਾ ਰੋਡਵੇਜ਼ ਦੀ ਦੋ ਦਿਨ ਦੀ ਹੜਤਾਲ ਤੋਂ ਬਾਅਦ ਹੁਣ ਟਰਾਂਸਪੋਰਟ ਵਿਭਾਗ ਨੇ ਮੁਲਾਜ਼ਮਾਂ ਦੀ ਤਨਖਾਹ ਕੱਟਣੀ ਸ਼ੁਰੂ ਕਰ ਦਿੱਤੀ ਹੈ। ਮੁਲਾਜ਼ਮਾਂ ਦੀ ਤਨਖਾਹ ਦੋ ਦਿਨ ਪਹਿਲਾਂ ਖਾਤਿਆਂ ਵਿਚ ਕੱਟ ਕੇ ਭੇਜੀ ਗਈ ਹੈ। ਅਜੇ ਤੱਕ ਸਾਰੇ ਡਿਪੂ ਮੁਲਾਜ਼ਮਾਂ ਦੀ ਤਨਖਾਹ ਉਹਨਾਂ ਦੇ ਖਾਤੇ ਵਿਚ ਜਮ੍ਹਾਂ ਨਹੀਂ ਹੋਈ ਹੈ। ਇਹ ਹੜਤਾਲ 29 ਅਤੇ 30 ਮਾਰਚ ਨੂੰ ਸੀ। ਹਰਿਆਣਾ ਰੋਡਵੇਜ਼ ਨੇ ਅੰਬਾਲਾ ਡਿਪੂ ਦੇ 368, ਚੰਡੀਗੜ੍ਹ ਦੇ 25 ਅਤੇ ਹਿਸਾਰ ਦੇ 700 ਮੁਲਾਜ਼ਮਾਂ ਦੀ ਤਨਖਾਹ ਕੱਟੀ ਹੈ। ਸਾਰੇ ਡਿਪੂਆਂ ਤੋਂ 6000 ਤੋਂ ਵੱਧ ਕਰਮਚਾਰੀ ਹੜਤਾਲ 'ਤੇ ਗਏ ਸਨ।
ਹਰ ਕਰਮਚਾਰੀ ਦੀ ਤਨਖਾਹ ਵਿਚ 2 ਹਜ਼ਾਰ ਤੋਂ 8 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ। ਰੋਡਵੇਜ਼ ਕਰਮਚਾਰੀ ਦੀ ਘੱਟੋ-ਘੱਟ ਤਨਖਾਹ 25 ਹਜ਼ਾਰ ਤੋਂ 80 ਹਜ਼ਾਰ ਰੁਪਏ ਤੱਕ ਹੁੰਦੀ ਹੈ। ਹਰਿਆਣਾ ਰੋਡਵੇਜ਼ ਕਰਮਚਾਰੀ ਯੂਨੀਅਨ ਦੇ ਰਧਾਨ ਜੈਵੀਰ ਨੇ ਕਿਹਾ ਕਿ ਸਰਕਾਰ ਨੇ ਹੜਤਾਲੀ ਰੋਡਵੇਜ਼ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਕਟੌਤੀ ਕਰ ਦਿੱਤੀ ਹੈ ਪਰ ਮੁਲਾਜ਼ਮਾਂ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। ਸਗੋਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕਟੌਤੀ ਕੀਤੀ ਤਨਖ਼ਾਹ ਨਾਲ ਰੋਡਵੇਜ਼ ਦਾ ਫਲੀਟ ਵਧਾਇਆ ਜਾਵੇ।
ਬੱਸਾਂ ਨਾ ਚੱਲਣ ਕਾਰਨ ਹੜਤਾਲ ਤੋਂ ਅਗਲੇ ਹੀ ਦਿਨ ਟਰਾਂਸਪੋਰਟ ਵਿਭਾਗ ਨੇ ਪੰਜ ਜੀਐਮ ਨੂੰ ਅੰਡਰ ਰੂਟ 7 ਤਹਿਤ ਰੋਡਵੇਜ਼ ਦੇ ਚਾਰਜਸ਼ੀਟ ਕੀਤਾ ਸੀ। ਚਾਰਜਸ਼ੀਟ ਦੇ ਆਦੇਸ਼ ਸਾਰੇ ਰੋਡਵੇਜ਼ ਦੇ ਜੀਐਮ ਨੂੰ ਭੇਜ ਦਿੱਤੇ ਗਏ ਹਨ। ਇਹਨਾਂ ਵਿਚ ਫਰੀਦਾਬਾਦ ਦੇ ਜੀਐਮ ਰਾਜੀਵ ਨਾਗਪਾਲ, ਸਿਰਸਾ ਦੇ ਆਰਐਸ ਪੁਨੀਆ, ਪਲਵਲ ਦੇ ਸੁਰਿੰਦਰ ਸਿੰਘ, ਹਿਸਾਰ ਦੇ ਐਚਸੀਐਸ ਰਾਹੁਲ ਮਿੱਤਲ ਅਤੇ ਚਰਖੀ ਦਾਦਰੀ ਦੇ ਜੀਐਮ ਦੇਵ ਦੱਤ ਸ਼ਾਮਲ ਹਨ। ਇਹਨਾਂ ਜ਼ਿਲ੍ਹਿਆਂ ਵਿਚ 90 ਫੀਸਦੀ ਬੱਸਾਂ ਬੰਦ ਰਹੀਆਂ ਸਨ।