
ਉੱਤਰ ਭਾਰਤ 'ਚ ਗਰਮੀ ਦਾ ਕਹਿਰ ਜਾਰੀ ; ਜੁਲਾਈ ਦੇ ਪਹਿਲੇ ਹਫ਼ਤੇ ਪੁੱਜੇਗਾ ਮਾਨਸੂਨ
ਨਵੀਂ ਦਿੱਲੀ : ਉੱਤਰ ਭਾਰਤ 'ਚ ਪੈ ਰਹੀ ਭਿਆਨਕ ਗਰਮੀ ਨੇ ਐਤਕੀਂ ਕਈ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਆਉਣ ਵਾਲੇ ਕੁਝ ਦਿਨਾਂ 'ਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਦੂਜੇ ਪਾਸੇ ਕੇਰਲ 'ਚ ਮਾਨਸੂਨ ਦੇ ਪਹਿਲੇ ਮੀਂਹ ਨੇ ਮੌਸਮ ਖ਼ੁਸ਼ਨੁਮਾ ਬਣਾ ਦਿੱਤਾ ਹੈ। ਹਾਲਾਂਕਿ ਕੇਰਲ 'ਚ ਵੀ ਮਾਨਸੂਨ ਇਕ ਹਫ਼ਤੇ ਦੇਰੀ ਨਾਲ ਪੁੱਜਾ। ਜਿਸ ਨੂੰ ਵੇਖਦਿਆਂ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਗਲੇ ਹਫ਼ਤੇ ਵੀ ਉੱਤਰ-ਮੱਧ ਭਾਰਤ ਦੇ ਸੂਬਿਆਂ 'ਚ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ।
Rain
ਪੰਜਾਬ 'ਚ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ 'ਚ ਪਹੁੰਚਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਪਰ 11-12 ਜੂਨ ਨੂੰ ਪੰਜਾਬ 'ਚ ਪ੍ਰੀ-ਮਾਨਸੂਨ ਦੀ ਬਾਰਿਸ਼ ਹੋ ਸਕਦੀ ਹੈ। 14 ਜੂਨ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ।
Rain
ਮਾਨਸੂਨ ਤੋਂ ਕੇਰਲ ਦੇ ਲਗਭਗ ਸਾਰੇ ਇਲਾਕਿਆਂ 'ਚ ਮੀਂਹ ਦੀ ਝੜੀ ਲੱਗੀ ਹੋਈ ਹੈ। ਉਧਰ ਮੌਸਮ ਵਿਭਾਗ ਮੁਤਾਬਕ ਮਾਨਸੂਨ 'ਚ ਦੇਰੀ ਦਾ ਘੱਟ ਮੀਂਹ ਪੈਣ ਨਾਲ ਕੋਈ ਸਬੰਧ ਨਹੀਂ। ਇਹ ਜ਼ਰੂਰੀ ਨਹੀਂ ਕਿ ਜੇ ਮਾਨਸੂਨ ਨੇ ਕੇਰਲ 'ਚ ਇਕ ਹਫ਼ਤੇ ਦੀ ਦੇਰੀ ਨਾਲ ਦਸਤਕ ਦਿੱਤੀ ਹੈ ਤਾਂ ਪੂਰੇ ਦੇਸ਼ 'ਚ ਮੀਂਹ ਵੀ ਘੱਟ ਪਵੇਗਾ। ਉਨ੍ਹਾਂ ਕਿਹਾ ਕਿ ਮਾਨਸੂਨ ਦਾ ਮੀਂਹ ਪੂਰੇ ਦੇਸ਼ 'ਚ ਆਮ ਵਰਗਾ ਹੋਵੇਗਾ। ਲਕਸ਼ਦੀਪ ਦੇ ਉਪਰ ਚੱਕਰਵਾਤੀ ਖੇਤਰ ਸਨਿਚਰਵਾਰ ਰਾਤ ਨੂੰ ਬਣ ਗਿਆ ਸੀ। ਦਖਣੀ-ਪੂਰਬੀ ਅਰਬ ਸਾਗਰ 'ਚ ਲੋਅ ਪ੍ਰੈਸ਼ਰ ਬਣ ਰਿਹਾ ਹੈ।
Rain
ਸਕਾਈਮੈਟ ਨੇ ਇਸ ਸਾਲ 93 ਫ਼ੀਸਦੀ ਅਤੇ ਮੌਸਮ ਵਿਭਾਗ ਨੇ 96 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਦਿੱਲੀ ਤੇ ਐਨ.ਸੀ.ਆਰ. 'ਚ ਮਾਨਸੂਨ ਦੀ ਆਮਦ ਵੱਧ ਤੋਂ ਵੱਧ 10 ਤੋਂ 15 ਦਿਨ ਤਕ ਪਛੜ ਸਕਦੀ ਹੈ। ਆਮ ਤੌਰ 'ਤੇ ਦਿੱਲੀ 'ਚ ਮਾਨਸੂਨ ਜੂਨ ਦੇ ਆਖਰੀ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਦਸਤਕ ਦੇ ਦਿੰਦਾ ਹੈ।