
ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਦਿਤੀ ਜਾਣਕਾਰੀ
ਕਿਹਾ, 500 ਦੇ ਨੋਟ ਵਾਪਸ ਲੈਣ ਜਾਂ 1000 ਰੁਪਏ ਦੇ ਨੋਟ ਮੁੜ ਸ਼ੁਰੂ ਕਰਨ ਦਾ ਕੋਈ ਇਰਾਦਾ ਨਹੀਂ
ਨਵੀਂ ਦਿੱਲੀ : ਦੇਸ਼ ਵਿਚ 2000 ਰੁਪਏ ਦੇ ਨੋਟ ਦੇ ਚਲਨ ਤੋਂ ਬਾਹਰ ਹੋਣ ਦੇ ਐਲਾਨ ਤੋਂ ਬਾਅਦ ਅੱਧੇ ਨੋਟ ਸਰਕਾਰ ਨੂੰ ਵਾਪਸ ਆ ਚੁੱਕੇ ਹਨ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਸਾਂਝੀ ਕੀਤੀ ਜਾਣਕਾਰੀ ਵਿਚ ਦਸਿਆ ਕਿ 1.80 ਲੱਖ ਕਰੋੜ ਰੁਪਏ ਦੇ ਨੋਟ ਬੈਂਕਿੰਗ ਪ੍ਰਣਾਲੀ ਰਾਹੀਂ ਵਾਪਸ ਆ ਗਏ ਹਨ।
ਉਨ੍ਹਾਂ ਦਸਿਆ ਕਿ ਇਸ ਤੋਂ ਬਾਅਦ 500 ਦੇ ਨੋਟ ਵਾਪਸ ਲੈਣ ਜਾਂ 1000 ਰੁਪਏ ਦੇ ਨੋਟ ਮੁੜ ਸ਼ੁਰੂ ਕਰਨ ਦਾ ਕੋਈ ਇਰਾਦਾ ਨਹੀਂ ਹੈ। ਗਵਰਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਨੋਟ ਪਹਿਲਾਂ ਤੋਂ ਹੀ ਬੈਂਕਾਂ ਵਿਚ ਜਮ੍ਹਾ ਕਰਵਾ ਲੈਣ ਤਾਂ ਜੋ ਆਖ਼ਰੀ ਸਮੇਂ ਵਿਚ ਜਲਦਬਾਜ਼ੀ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਸਾਲ 31 ਮਾਰਚ ਤਕ ਕੁੱਲ 3.62 ਲੱਖ ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਚਲਨ ਵਿਚ ਸਨ। ਉਨ੍ਹਾਂ ਕਿਹਾ, "ਐਲਾਨ ਤੋਂ ਬਾਅਦ ਹੁਣ ਤਕ 1.80 ਲੱਖ ਕਰੋੜ ਰੁਪਏ ਦੇ ਨੋਟ ਵਾਪਸ ਆ ਚੁੱਕੇ ਹਨ।" ਉਨ੍ਹਾਂ ਕਿਹਾ ਕਿ 2,000 ਰੁਪਏ ਦੇ ਨੋਟਾਂ ਵਿਚੋਂ ਲਗਭਗ 85 ਪ੍ਰਤੀਸ਼ਤ ਬੈਂਕ ਖਾਤਿਆਂ ਵਿਚ ਜਮ੍ਹਾਂ ਹੋ ਰਹੇ ਹਨ, ਜਦੋਂ ਕਿ ਬਾਕੀ ਛੋਟੇ ਮੁੱਲਾਂ ਦੇ ਨੋਟਾਂ ਵਿਚ ਬਦਲੇ ਜਾ ਰਹੇ ਹਨ।
ਇਹ ਵੀ ਪੜ੍ਹੋ: BSF ਨੇ ਜ਼ਬਤ ਕੀਤੀ ਪਾਕਿਸਤਾਨ ਤੋਂ ਡਰੋਨ ਜ਼ਰੀਏ ਭੇਜੀ ਹੈਰੋਇਨ ਦੀ ਖੇਪ
ਸ਼ਕਤੀਕਾਂਤ ਦਾਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ 2,000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦੇ ਫ਼ੈਸਲੇ ਦਾ ਅਰਥਵਿਵਸਥਾ 'ਤੇ ਬਹੁਤ ਸੀਮਤ ਪ੍ਰਭਾਵ ਪਵੇਗਾ। 2,000 ਦੇ ਨੋਟ ਪ੍ਰਚਲਿਤ ਕੁੱਲ ਮੁਦਰਾ ਦਾ ਸਿਰਫ਼ 10.8 ਫ਼ੀ ਸਦੀ ਹਨ। ਉਨ੍ਹਾਂ ਕਿਹਾ ਕਿ 2016 ਵਿਚ ਨੋਟਬੰਦੀ ਤੋਂ ਬਾਅਦ ਨਕਦੀ ਦੀ ਕਮੀ ਨੂੰ ਪੂਰਾ ਕਰਨ ਲਈ 2000 ਰੁਪਏ ਦਾ ਨੋਟ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜਿਸ ਕਿਸੇ ਕੋਲ ਵੀ 2000 ਰੁਪਏ ਦਾ ਨੋਟ ਹੈ, ਉਹ ਇਸ ਨੂੰ ਅਪਣੇ ਬੈਂਕ ਖਾਤੇ ਵਿਚ ਜਮ੍ਹਾ ਕਰਵਾ ਸਕਦਾ ਹੈ ਜਾਂ ਕਿਸੇ ਹੋਰ ਮੁੱਲ ਦੀ ਕਰੰਸੀ ਵਿਚ ਬਦਲ ਸਕਦਾ ਹੈ। ਬੈਂਕਾਂ ਨੂੰ 2,000 ਰੁਪਏ ਦੇ ਨੋਟ ਬਦਲਣ ਲਈ ਜ਼ਰੂਰੀ ਪ੍ਰਬੰਧ ਕਰਨ ਦੀ ਸਲਾਹ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ 30 ਸਤੰਬਰ ਤਕ 2000 ਰੁਪਏ ਦੇ ਜ਼ਿਆਦਾਤਰ ਨੋਟ ਵਾਪਸ ਆ ਜਾਣਗੇ।
ਪਿਛਲੇ ਮਹੀਨੇ, ਆਰ.ਬੀ.ਆਈ. ਨੇ ਰਾਤ ਨੂੰ ਐਲਾਨ ਕੀਤਾ ਸੀ ਕਿ 2000 ਰੁਪਏ ਦਾ ਨੋਟ ਚਲਨ ਤੋਂ ਬਾਹਰ ਹੋ ਰਿਹਾ ਹੈ। ਇਸ ਸਮੇਂ ਸੀਮਾ ਤਕ ਲੋਕਾਂ ਨੂੰ 2000 ਰੁਪਏ ਦੇ ਨੋਟ ਬੈਂਕਾਂ 'ਚ ਜਮ੍ਹਾ ਕਰਵਾਉਣ ਲਈ 30 ਸਤੰਬਰ ਤਕ ਦਾ ਸਮਾਂ ਦਿਤਾ ਗਿਆ ਹੈ। ਸ਼ਕਤੀਕਾਂਤ ਦਾਸ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਅਪਣੇ ਨੋਟ ਵਾਪਸ ਲੈਣ ਨਹੀਂ ਤਾਂ ਉਨ੍ਹਾਂ ਨੂੰ ਪਿਛਲੇ 10-15 ਦਿਨਾਂ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਨੋਟਾਂ ਨੂੰ ਬਦਲਣ ਲਈ ਕੇਂਦਰੀ ਬੈਂਕ ਕੋਲ ਲੋੜੀਂਦੀ ਕਰੰਸੀ ਉਪਲਬਧ ਹੈ। ਜੇਕਰ ਕਿਸੇ ਕੋਲ 2000 ਰੁਪਏ ਦੇ ਨੋਟ ਹਨ, ਤਾਂ ਉਹ ਜਾਂ ਤਾਂ ਬੈਂਕਾਂ ਵਿਚ ਜਾ ਕੇ ਉਨ੍ਹਾਂ ਨੂੰ ਬਦਲਵਾ ਸਕਦਾ ਹੈ ਜਾਂ ਫਿਰ ਅਪਣੇ ਬੈਂਕ ਖਾਤੇ ਵਿਚ ਜਮ੍ਹਾ ਕਰਵਾ ਸਕਦਾ ਹੈ। ਇਕ ਵਾਰ ਵਿਚ 20,000 ਰੁਪਏ ਤਕ ਦੇ 2000 ਦੇ ਨੋਟ ਜਮ੍ਹਾ ਕਰਵਾਏ ਜਾ ਸਕਦੇ ਹਨ।