
ਨੀਰਵ ਮੋਦੀ ਦੇ ਮਹਾਂਘੋਟਾਲੇ ਦਾ ਦਰਦ ਅਜੇ ਹਟਿਆ ਹੀ ਨਹੀਂ ਸੀ ਕਿ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੂੰ ਇਕ ਹੋਰ ਵੱਡਾ ਝਟਕਾ ਲਗਿਆ ਹੈ..............
ਨਵੀਂ ਦਿੱਲੀ : ਨੀਰਵ ਮੋਦੀ ਦੇ ਮਹਾਂਘੋਟਾਲੇ ਦਾ ਦਰਦ ਅਜੇ ਹਟਿਆ ਹੀ ਨਹੀਂ ਸੀ ਕਿ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੂੰ ਇਕ ਹੋਰ ਵੱਡਾ ਝਟਕਾ ਲਗਿਆ ਹੈ। ਸਾਲ 'ਚ ਦੂਜੀ ਵਾਰ ਉਸ ਨੂੰ ਨੁਕਸਾਨ ਸਹਿਣਾ ਪਿਆ ਹੈ। 13400 ਕਰੋੜ ਰੁਪਏ ਦੇ ਸੱਭ ਤੋਂ ਵੱਡੇ ਬੈਂਕਿੰਗ ਘੋਟਾਲੇ ਤੋਂ ਬਾਅਦ ਪੀਐਨਬੀ ਨੂੰ 940 ਕਰੋੜ ਦਾ ਨੁਕਸਾਨ ਹੋਇਆ ਹੈ।ਦਰਅਸਲ, ਵਿੱਤੀ ਸਾਲ 2018-19 ਦੀ ਪਹਿਲੀ ਤਿਮਾਹੀ 'ਚ ਉਸ ਨੂੰ ਇਹ ਨੁਕਸਾਨ ਹੋਇਆ ਹੈ। ਅਪ੍ਰੈਲ-ਜੂਨ ਤਿਮਾਹੀ 'ਚ ਪੀਐਨਬੀ ਨੂੰ 940 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਇਸ ਕੁਆਟਰ 'ਚ ਬੈਂਕ ਨੂੰ 343 ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਸੀ।
ਪੰਜਾਬ ਨੈਸ਼ਨਲ ਬੈਂਕ ਨੂੰ ਬੇਸ਼ਕ ਹੀ ਮੁਨਾਫ਼ਾ ਨਾ ਹੋਇਆ ਹੋਵੇ ਪਰ ਇਸੇ ਤਿਮਾਹੀ 'ਚ ਉਸ ਦੀ ਆਮਦਨ ਵਧ ਕੇ 15072 ਕਰੋੜ ਰੁਪਏ ਹੋ ਗਈ। ਪਿਛਲੇ ਸਾਲ ਅਪ੍ਰੈਲ-ਜੂਨ ਤਿਮਾਹੀ 'ਚ ਇਸ ਦੀ ਆਮਦਨ 14,468.14 ਕਰੋੜ ਰੁਪਏ ਸੀ। ਜੇਕਰ ਵਿਆਜ ਨਾਲ ਆਉਣ ਵਾਲੀ ਆਮਦਨ ਦੀ ਗੱਲ ਕਰੀਏ ਤਾਂ ਪਹਿਲੀ ਤਿਮਾਹੀ 'ਚ ਪੀਐਨਬੀ ਦੀ ਵਿਆਜ ਤੋਂ ਆਮਦਨ 21.7 ਫ਼ੀ ਸਦੀ ਵਧ ਕੇ 4,692 ਕਰੋੜ ਰੁਪਏ ਪਹੁੰਚ ਗਈ, ਜਦੋਂ ਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ 'ਚ ਪੀਐਨਬੀ ਦੀ ਵਿਆਜ ਤੋਂ ਆਮਦਨ 3,855 ਕਰੋੜ ਰੁਪਏ ਰਹੀ ਸੀ।
ਅਪ੍ਰੈਲ-ਜੂਨ ਤਿਮਾਹੀ 'ਚ ਪੀਐਨਬੀ ਦਾ ਗ੍ਰਾਸ ਪੀਐਨਬੀ 18.38 ਫ਼ੀ ਸਦੀ ਤੋਂ ਘਟ ਕੇ 18.26 ਫ਼ੀ ਸਦੀ ਰਿਹਾ ਹੈ। ਉਥੇ ਹੀ ਨੈਟ ਐਨਪੀਏ 11.24 ਫ਼ੀ ਸਦੀ ਤੋਂ ਘਟ ਕੇ 10.58 ਫ਼ੀ ਸਦੀ ਰਿਹਾ ਹੈ। ਰੁਪਏ 'ਚ ਪੀਐਨਬੀ ਦੇ ਐਨਪੀਏ 'ਤੇ ਨਜ਼ਰ ਮਾਰੀਏ ਤਾਂ ਪਹਿਲੀ ਤਿਮਾਹੀ 'ਚ ਗ੍ਰਾਸ ਐਨਪੀਏ 86,620 ਕਰੋੜ ਰੁਪਏ ਤੋਂ ਘਟ ਕੇ 82,889 ਕਰੋੜ ਰੁਪਏ ਰਿਹਾ ਹੈ।
ਉਥੇ ਹੀ ਐਨਪੀਏ 48,684 ਕਰੋੜ ਰੁਪਏ ਤੋਂ ਘਟ ਕੇ 43,872 ਕਰੋੜ ਰੁਪਏ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਲਈ ਇਕ ਰਾਹਤ ਦੀ ਗੱਲ ਇਹ ਹੈ ਕਿ ਪਹਿਲੀ ਤਿਮਾਹੀ 'ਚ ਉਸ ਦੀ ਪ੍ਰੋਵੀਜ਼ਨਿੰਗ 20,353.1 ਕਰੋੜ ਰੁਪਏ ਤੋਂ ਘਟ ਕੇ 5,758 ਕਰੋੜ ਰੁਪਏ ਰਹੀ ਹੈ। ਉਥੇ ਹੀ ਪਿਛਲੇ ਸਾਲ ਪਹਿਲੀ ਤਿਮਾਹੀ 'ਚ ਪ੍ਰੋਵੀਜ਼ਨਿੰਗ 2,608.7 ਕਰੋੜ ਰੁਪਏ ਰਹੀ ਸੀ। (ਏਜੰਸੀ)