
ਮਹਿੰਗਾਈ ਭੱਤਾ 12% ਤੋਂ ਵਧਾ ਕੇ 17% ਕੀਤਾ
ਨਵੀਂ ਦਿੱਲੀ : ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਬੁਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਮਹਿੰਗਾਈ ਭੱਤਾ (ਡੀ.ਏ.) 5% ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਹਿੰਗਾਈ ਭੱਤਾ 12% ਤੋਂ ਵੱਧ ਕੇ 17% ਹੋ ਗਿਆ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ 50 ਲੱਖ ਕੇਂਦਰੀ ਮੁਲਾਜ਼ਮਾਂ ਨੂੰ ਤਾਂ ਲਾਭ ਹੋਵੇਗਾ, ਨਾਲ ਹੀ 62 ਲੱਖ ਪੈਨਸ਼ਨਧਾਰਕਾਂ ਨੂੰ ਵੀ ਇਸ ਦਾ ਫ਼ਾਇਦਾ ਮਿਲੇਗਾ। ਇਹ ਭੱਤਾ ਜੁਲਾਈ 2019 ਤੋਂ ਲਾਗੂ ਹੋਵੇਗਾ। ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਇਸ ਬਾਰੇ ਐਲਾਨ ਕੀਤਾ।
Cabinet approves 5% hike in DA for central govt employees
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ। ਬੈਠਕ ਤੋਂ ਬਾਅਦ ਪ੍ਰਕਾਸ਼ ਜਾਵੇਡਕਰ ਨੇ ਦੱਸਿਆ ਕਿ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ 'ਚ 5% ਵਾਧੇ ਦਾ ਫ਼ੈਸਲਾ ਲਿਆ ਗਿਆ ਹੈ। ਮਹਿੰਗਾਈ ਭੱਤੇ 'ਚ ਵਾਧੇ 'ਤੇ ਕੇਂਦਰ ਸਰਕਾਰ 16 ਹਜ਼ਾਰ ਕਰੋੜ ਰੁਪਏ ਖ਼ਰਚ ਕਰੇਗੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਇਹ ਡੀ.ਏ. 'ਚ ਹੁਣ ਤਕ ਦਾ ਸੱਭ ਤੋਂ ਵੱਧ ਵਾਧਾ ਹੈ।
Parkash Javedkar
ਪ੍ਰਕਾਸ਼ ਜਾਵੇਡਕਰ ਨੇ ਦੱਸਿਆ ਕਿ ਕੈਬਨਿਟ ਨੇ ਆਸ਼ਾ ਵਰਕਰਾਂ ਦਾ ਭੱਤਾ 1000 ਰੁਪਏ ਤੋਂ ਵਧਾ ਕੇ 2000 ਰੁਪਏ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ। ਨਾਲ ਹੀ ਜੰਮੂ-ਕਸ਼ਮੀਰ ਦੇ 5300 ਉੱਜੜੇ ਪਰਵਾਰਾਂ ਨੂੰ 5.5 ਲੱਖ ਰੁਪਏ ਪ੍ਰਤੀ ਪਰਵਾਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਅਜਿਹੇ ਪਰਵਾਰ ਹਨ, ਜਿਨ੍ਹਾਂ ਨੇ ਪਹਿਲਾਂ ਸੂਬੇ ਤੋਂ ਬਾਹਰ ਜਾਣ ਦਾ ਫ਼ੈਸਲਾ ਕੀਤਾ, ਪਰ ਬਾਅਦ 'ਚ ਸਰਕਾਰ ਦੇ ਮੁੜ ਵਸੇਬਾ ਪੈਕੇਜ਼ ਤਹਿਤ ਪਰਤ ਆਏ ਸਨ। ਆਯੁਸ਼ਮਾਨ ਯੋਜਨਾ ਤਹਿਤ ਹੁਣ ਤਕ 31 ਲੱਖ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਪੀਐਮ-ਕਿਸਾਨ ਯੋਜਨਾ ਤਹਿਤ 6000 ਰੁਪਏ ਦਾ ਲਾਭ ਲੈਣ ਲਈ ਆਧਾਰ ਨੰਬਰ ਲਿੰਕ ਕਰਨ ਦੀ ਸਮਾਂ ਸੀਮਾ ਵਧਾ ਕੇ 30 ਨਵੰਬਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।