
ਮੁੰਬਈ : ਭਾਜਪਾ ਪਰਚਿਆਂ ਦੀ ਵਰਤੋਂ ਕਰ ਕੇ ਲੋਕਾਂ ਨੂੰ ਇਹ ਪੁੱਛੇਗੀ ਕਿ ਕੀ ਉਹ ਉਨ੍ਹਾਂ ਪਾਰਟੀਆਂ ਨੂੰ ਵੋਟ ਪਾਉਣਗੇ ਜਿਨ੍ਹਾਂ 26 ਫ਼ਰਵਰੀ ਦੇ ਹਵਾਈ ਹਮਲਿਆਂ ਅਤੇ ਅਗਲੇ...
ਮੁੰਬਈ : ਭਾਜਪਾ ਪਰਚਿਆਂ ਦੀ ਵਰਤੋਂ ਕਰ ਕੇ ਲੋਕਾਂ ਨੂੰ ਇਹ ਪੁੱਛੇਗੀ ਕਿ ਕੀ ਉਹ ਉਨ੍ਹਾਂ ਪਾਰਟੀਆਂ ਨੂੰ ਵੋਟ ਪਾਉਣਗੇ ਜਿਨ੍ਹਾਂ 26 ਫ਼ਰਵਰੀ ਦੇ ਹਵਾਈ ਹਮਲਿਆਂ ਅਤੇ ਅਗਲੇ ਦਿਨ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਨਾਲ ਹਵਾਈ ਜੰਗ ਦੇ ਸਬੰਧ ਵਿਚ ਦੇਸ਼ ਦੀਆਂ ਫ਼ੌਜਾਂ ਦੀ ਬਹਾਦਰੀ 'ਤੇ ਸਵਾਲ ਚੁੱਕੇ।
ਇੱਥੇ ਹੋਈ ਬੈਠਕ ਦੌਰਾਨ ਭਾਜਪਾ ਦੀਆਂ ਮਹਿਲਾ ਕਾਰਕੁਨਾਂ ਨੂੰ ਸੀਨੀਅਰ ਆਗੂ ਅਤੇ ਵਿਦੇਸ਼ ਮੰਤਰੀ ਨੇ ਸੰਕੇਤ ਦਿਤਾ ਕਿ 14 ਫ਼ਰਵਰੀ ਨੂੰ ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ ਵਿਰੁਧ ਫ਼ੌਜ ਦੀ ਕਾਰਵਾਈ ਸੱਤਾਧਿਰ ਪਾਰਟੀ ਲਈ ਚੋਣ ਮੁੱਦਾ ਹੋਵੇਗਾ। ਸਵਰਾਜ ਨੇ ਕਿਹਾ, 'ਸਾਨੂੰ ਸਵਾਲ ਪੁਛਣਾ ਚਾਹੀਦਾ ਹੈ ਕਿ ਕੀ ਸਾਡੇ ਜਵਾਨਾਂ ਨੂੰ ਅਤਿਵਾਦੀ ਕੈਂਪਾਂ 'ਤੇ ਬੰਬ ਡੇਗਣ ਮਗਰੋਂ ਲਾਸ਼ਾਂ ਗਿਣਨੀਆਂ ਚਾਹੀਦੀਆਂ ਹਨ ਜਾਂ ਹਵਾਈ ਹਮਲਾ ਕਰਨ ਮਗਰੋਂ ਸੁਰੱਖਿਅਤ ਮੁੜਨਾ ਚਾਹੀਦੈ? ਭਾਜਪਾ ਕਾਰਕੁਨਾਂ ਨੂੰ ਉਨ੍ਹਾਂ ਲੋਕਾਂ ਕੋਲੋਂ ਸਵਾਲ ਪੁਛਣੇ ਚਾਹੀਦੇ ਹਨ ਜਿਨ੍ਹਾਂ ਸਾਡੇ ਹਵਾਈ ਹਮਲੇ ਦੇ ਅਸਰ ਬਾਰੇ ਸ਼ੱਕ ਪ੍ਰਗਟ ਕੀਤਾ।
ਜ਼ਿਕਰਯੋਗ ਹੈ ਕਿ 26 ਫ਼ਰਵਰੀ ਵਾਲੇ ਹਵਾਈ ਹਮਲੇ ਰਾਜਨੀਤਕ ਵਿਵਾਦਾਂ ਦੇ ਕੇਂਦਰ ਵਿਚ ਹਨ। ਵਿਰੋਧੀ ਧਿਰ ਸਰਕਾਰ ਕੋਲੋਂ ਜੈਸ਼ ਦੇ ਟਿਕਾਣੇ 'ਤੇ ਬੰਬ ਸੁੱਟਣ ਮਗਰੋਂ ਮ੍ਰਿਤਕਾਂ ਦੀ ਗਿਣਤੀ ਦਾ ਸਬੂਤ ਮੰਗ ਰਹੀ ਹੈ। ਸਵਰਾਜ ਨੇ ਕਿਹਾ, 'ਸਾਨੂੰ ਸਵਾਲ ਪੁਛਣੇ ਚਾਹੀਦੇ ਹਨ ਕਿ ਕੀ ਤੁਸੀਂ ਉਨ੍ਹਾਂ ਪਾਰਟੀਆਂ ਦਾ ਸਮਰਥਨ ਕਰੋਗੇ ਜਿਹੜੀਆਂ ਵੱਖਵਾਦੀਆਂ ਨਾਲ ਹਨ। ਉਨ੍ਹਾਂ ਨੂੰ ਪੁਛਿਆ ਜਾਵੇ ਕਿ ਕੀ ਉਹ ਉਨ੍ਹਾਂ ਲੋਕਾਂ ਲਈ ਵੋਟ ਦੇਣਾ ਪਸੰਦ ਕਰਨਗੇ ਜਿਨ੍ਹਾਂ ਸਾਡੇ ਜਵਾਨਾਂ ਦੀ ਬਹਾਦਰੀ 'ਤੇ ਸਵਾਲ ਚੁੱਕੇ।' (ਏਜੰਸੀ)