
ਸਾਲ 1970 ਤੋਂ ਅਸੀਂ ਮੰਗ ਕਰ ਰਹੇ ਹਾਂ........
ਸ਼ਿਵਪੁਰੀ : ਆਸਾਮ ਸਮੇਤ ਦੇਸ਼ ਵਿਚ ਘੁਸਪੈਠੀਆਂ ਵਿਰੁਧ ਕੀਤੀ ਜਾ ਰਹੀ ਕਾਰਵਾਈ ਬਾਰੇ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ 'ਤੇ ਵੋਟ ਬੈਂਕ ਦੀ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਸਾਲ 2018-19 ਵਿਚ ਹੋਣ ਵਾਲੀਆਂ ਚੋਣਾਂ ਜਿੱਤਣ ਮਗਰੋਂ ਦੇਸ਼ ਭਰ ਵਿਚ ਘੁਸਪੈਠੀਆਂ ਨੂੰ ਚੁਣ-ਚੁਣ ਕੇ ਕੱਢਣ ਦਾ ਕੰਮ ਭਾਜਪਾ ਸਰਕਾਰ ਕਰਨ ਵਾਲੀ ਹੈ।
ਭਾਜਪਾ ਨੂੰ ਦੇਸ਼ ਦੀ ਸੁਰੱਖਿਆ ਯਕੀਨੀ ਕਰਨ ਅਤੇ ਭਾਰਤੀਆਂ ਦੇ ਅਧਿਕਾਰਾਂ ਦੀ ਰਾਖੀ ਦਸਦਿਆਂ ਸ਼ਾਹ ਨੇ ਨੌਂ ਜ਼ਿਲ੍ਹਿਆਂ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ, 'ਹਾਲੇ ਆਸਾਮ ਵਿਚ ਸਾਡੀ ਸਰਕਾਰ ਰਾਸ਼ਟਰੀ ਨਾਗਰਿਕ ਪੰਜੀਕਰਨ ਯਾਨੀ ਐਨਆਰਸੀ ਲੈ ਕੇ ਆਈ ਹੈ ਜੋ ਘੁਸਪੈਠੀਆਂ ਦੀ ਪਛਾਣ ਕਰਦਾ ਹੈ। ਤੁਸੀਂ ਮੈਨੂੰ ਦੱਸੋ ਕਿ ਦੇਸ਼ ਵਿਚੋਂ ਘੁਸਪੈਠੀਆਂ ਨੂੰ ਕਢਣਾ ਚਾਹੀਦਾ ਹੈ ਜਾਂ ਨਹੀਂ।' ਉਨ੍ਹਾਂ ਕਿਹਾ, 'ਸਾਲ 1970 ਤੋਂ ਅਸੀਂ ਮੰਗ ਕਰ ਰਹੇ ਹਾਂ ਕਿ ਘੁਸਪੈਠੀਏ ਕਢਣੇ ਚਾਹੀਦੇ ਹਨ। ਜਦ ਐਨਆਰਸੀ ਲੈ ਕੇ ਆਏ ਤਾਂ 40 ਲੱਖ ਲੋਕ ਮੁਢਲੀ ਸੂਚੀ ਵਿਚ ਦਰਜ ਹੋਏ। ਉਨ੍ਹਾਂ ਨੂੰ ਕੱਢਣ ਦਾ ਕੰਮ ਹੌਲੀ-ਹੌਲੀ ਅੱਗੇ ਵਧ ਰਿਹਾ ਹੈ।'
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਵਿਅੰਗ ਕਸਦਿਆਂ ਸ਼ਾਹ ਨੇ ਕਿਹਾ, 'ਕਾਂਗਰਸ ਦੇ ਰਾਹੁਲ ਬਾਬਾ ਐਂਡ ਕੰਪਨੀ ਪੂਰੀ ਸੰਸਦ ਦੇ ਅੰਦਰ ਹਾਏ ਤੋਬਾ ਮਚਾ ਰਹੇ ਹਨ। ਮਾਰ ਦਿਤਾ, ਕਿਉਂ ਕੱਢ ਰਹੇ ਹੋ, ਕੀ ਖਾਉਗੇ, ਇਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਕੀ ਬਣੇਗਾ ਜਿਵੇਂ ਨਾਨੀ ਮਰ ਗਈ ਹੋਵੇ।' ਉਨ੍ਹਾਂ ਕਿਹਾ, 'ਮੈਂ ਉਨ੍ਹਾਂ ਨੂੰ ਪੁਛਣਾ ਚਾਹੁੰਦਾ ਹੈ ਕਿ ਤੁਹਾਨੂੰ ਇਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਖ਼ਿਆਲ ਹੈ। ਇਹ ਘੁਸਪੈਠੀਏ ਦੇਸ਼ ਵਿਚ ਬੰਬ ਧਮਾਕੇ ਕਰਦੇ ਹਨ। (ਪੀ.ਟੀ.ਆਈ)
ਮੇਰੇ ਦੇਸ਼ ਦੇ ਨਿਰਦੋਸ਼ ਲੋਕਾਂ ਦੀਆਂ ਹਤਿਆਵਾਂ ਇਨ੍ਹਾਂ ਨੇ ਕੀਤੀਆਂ ਹਨ। ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਤੁਹਾਨੂੰ ਪਤਾ ਨਹੀਂ ਹੈ। ਮੇਰੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦਾ ਰੁਜ਼ਗਾਰ ਇਹ ਘੁਸਪੈਠੀਏ ਲੈ ਜਾਂਦੇ ਹਨ। (ਏਜੰਸੀ)