
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਕੁਝ ਦਿਨ ਪਹਿਲਾਂ ਵਿਸ਼ਵ ਹਿੰਦੂ ਪਰੀਸ਼ਦ ਦੀ ਰੈਲੀ ਵਿਚ ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਅਯੋਧਿਆ 'ਚ ਰਾਮ ਮੰਦਰ ਬਣਾਉਣ..........
ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਕੁਝ ਦਿਨ ਪਹਿਲਾਂ ਵਿਸ਼ਵ ਹਿੰਦੂ ਪਰੀਸ਼ਦ ਦੀ ਰੈਲੀ ਵਿਚ ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਅਯੋਧਿਆ 'ਚ ਰਾਮ ਮੰਦਰ ਬਣਾਉਣ ਦੀ ਮੰਗ ਸਬੰਧੀ ਰਾਮਲੀਲਾ ਮੈਦਾਨ ਵਿਚ ਇਕੱਠੇ ਹੋਏ। ਇਸ ਦੌਰਾਨ ਰਾਸ਼ਟਰੀ ਸਵੈ ਸੇਵਾ ਐਸੋਸੀਏਸ਼ਨ (ਆਰ.ਐਸ.ਐਸ.) ਦੇ ਸੀਨੀਅਰ ਨੇਤਾ ਸੁਰੇਸ਼ ਜੋਸ਼ੀ ਨੇ ਅਯੋਧਿਆ ਵਿਚ ਰਾਮ ਮੰਤਰ ਦੀ ਉਸਾਰੀ ਦੇ ਅਪਣੇ ਵਾਅਦੇ ਨੂੰ ਪੂਰਾ ਨਾ ਕਰਨ ਸਬੰਧੀ ਐਤਵਾਰ ਨੂੰ ਭਾਜਪਾ 'ਤੇ ਅਸਿੱਧੇ ਤੌਰ 'ਤੇ ਹਮਲਾ ਕਰਦਿਆਂ ਕੇਂਦਰ ਸਰਕਾਰ ਤੋਂ ਰਾਮ ਮੰਦਰ ਦੀ ਉਸਾਰੀ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ।
ਵਿਸ਼ਵ ਹਿੰਦੂ ਪਰੀਸ਼ਦ ਨੇ ਦਸਿਆ ਸੀ ਕਿ ਇਸ ਰੈਲੀ ਨੂੰ ਆਰਐਸਐਸ ਦੇ ਕਾਰਜਕਾਰੀ ਮੁਖੀ ਸੁਰੇਸ਼ ਜੋਸ਼ੀ ਸੰਬੋਧਨ ਕਰਣਗੇ। ਇਸ ਰੈਲੀ ਰਾਂਹੀ ਵੀਹਿਪ ਇਹ ਮੰਗ ਕਰ ਰਹੀ ਹੈ ਕਿ ਜੇਕਰ ਜ਼ਰੂਰਤ ਪਏ ਤਾਂ ਕੇਂਦਰ ਸਰਕਾਰ ਨੂੰ ਰਾਮ ਮੰਦਰ ਉਸਾਰੀ ਲਈ ਕਾਨੂੰਨ ਬਣਾਉਣਾ ਚਾਹੀਦੈ। ਜੋਸ਼ੀ ਤੋਂ ਬਿਨਾਂ ਵੀਹਿਪ ਪ੍ਰਧਾਨ ਵਿਸ਼ਣੂ ਸਦਾਸ਼ਿਵ ਕੋਕਜ਼ੇ ਅਤੇ ਇਸ ਦੇ ਅੰਤਰ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਵੀ ਇਸ ਰੈਲੀ ਨੂੰ ਸੰਬੋਧਨ ਕਰ ਸਕਦੇ ਹਨ। ਰੈਲੀ ਦੇ ਮੱਦੇਨਜ਼ਰ ਟ੍ਰੈਫ਼ਿਕ ਪੁਲਿਸ ਨੇ ਆਵਾਜਾਈ ਮਾਰਗ ਵਿਚ ਬਦਲਾਅ ਕੀਤੇ ਹਨ।
ਇਸ ਵਿਚ ਕਿਹਾ ਗਿਆ ਹੈ ਕਿ ਰਣਜੀਤ ਸਿੰਘ ਫ਼ਲਾਈਓਵਰ (ਗੁਰੂ ਨਾਨਕ ਚੌਕ ਤੋਂ ਬਾਰਾਖੰਬਾ ਰੋਡ), ਜੇਐਲਐਨ ਮਾਰਗ (ਰਾਜਘਾਟ ਤੋਂ ਦਿੱਲੀ ਗੇਟ) ਅਤੇ ਵੀਆਈਪੀ ਗੇਟ ਚਮਨ ਲਾਲ ਮਾਰਗ 'ਤੇ ਗੱਡੀਆਂ ਦੀ ਆਵਾਜਾਈ ਦੀ ਮਨਜ਼ੂਰੀ ਨਹੀਂ ਹੈ। ਰਾਮਲੀਲਾ ਮੈਦਾਨ ਵਿਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਉੱਚੀਆਂ ਜਗ੍ਹਾ 'ਤੇ ਸਨਾਈਪਰ ਤੈਨਾਤ ਕੀਤੇ ਗਏ ਹਨ। ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਵੀਹਿਪ ਨੇ ਲੋਕਾਂ ਦੇ ਘਰ-ਘਰ ਜਾ ਕੇ ਪ੍ਰਚਾਰ ਕੀਤਾ।
ਵੀਹਿਪ ਦੇ ਬੁਲਾਰੇ ਵਿਨੋਦ ਬਾਂਸਲ ਨੇ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਲਈ ਜੋ ਲੋਕ ਬਿੱਲ ਲਿਆਉਣ ਦੇ ਹੱਕ ਵਿਚ ਨਹੀਂ ਹਨ, ਇਹ ਰੈਲੀ ਉਨ੍ਹਾਂ ਦੇ ਵਿਚਾਰ ਬਦਲ ਦੇਵੇਗੀ।ਸੰਗਠਨ ਨੇ ਮੰਦਰ ਉਸਾਰੀ ਲਈ ਅਪਣੇ ਪਹਿਲੇ ਗੇੜ ਦੇ ਦੌਰੇ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਰਾਜ ਦੇ ਰਾਜਪਾਲ ਨਾਲ ਮੁਲਾਕਾਰ ਕੀਤੀ ਸੀ। ਆਉਣ ਵਾਲੇ ਗੇੜ ਵਿਚ ਉਹ ਮੰਦਰਾਂ ਅਤੇ ਮੱਠਿਆਂ ਵਿਚ ਧਾਰਮਕ ਰੀਤੀ ਰਿਵਾਜ਼ ਅਤੇ ਅਰਦਾਸ ਕਰਣਗੇ। (ਪੀਟੀਆਈ)