ਆਪ ਦੇ ਵਰਕਰਾਂ ਦਾ ਗੀਤ ਲਗੇ ਰਹੋ ਕੇਜਰੀਵਾਲ ਗਾ ਕੇ ਇਕ ਦੂਜੇ...
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੀ ਮੰਗਲਵਾਰ ਨੂੰ ਜਾਰੀ ਗਿਣਤੀ ਵਿਚ ਰੁਝਾਨ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਸੰਕੇਤ ਦੇ ਰਹੇ ਹਨ। ਇਸ ਤੋਂ ਠੀਕ ਇਕ ਦਿਨ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਵਰਕਰਾਂ ਨੂੰ ਜਿੱਤ ਦਾ ਜਸ਼ਨ ਮਨਾਉਣ ਦੌਰਾਨ ਪਟਾਖੇ ਨਾ ਚਲਾਉਣ ਦੀ ਨਸੀਹਤ ਦਿੱਤੀ ਸੀ।
ਆਪ ਦੇ ਵਰਕਰਾਂ ਦਾ ਗੀਤ ਲਗੇ ਰਹੋ ਕੇਜਰੀਵਾਲ ਗਾ ਕੇ ਇਕ ਦੂਜੇ ਨੂੰ ਗਲੇ ਲਗੇ ਰਹੇ ਹਨ ਅਤੇ ਇਸ ਗੱਲ ਦਾ ਪੂਰਾ ਧਿਆਨ ਰੱਖ ਰਹੇ ਹਨ ਕਿ ਪਾਰਟੀ ਦੇ ਆਗੂ ਦੀ ਗੱਲ ਮੰਨੀ ਜਾਵੇ। ਵਰਕਰਾਂ ਨੇ ਕਿਹਾ ਕਿ ਪਾਰਟੀ ਦੇ ਆਈਟੀਓ ਦਫ਼ਤਰ ਵਿਚ ਮਿਠਾਈਆਂ ਅਤੇ ਨਮਕੀਨ ਦਾ ਆਰਡਰ ਦੇਣ ਤੋਂ ਇਲਾਵਾ ਬੈਂਡ ਵਾਜੇ ਦੀ ਵਿਵਸਥਾ ਵਰਗੀਆਂ ਤਿਆਰੀਆਂ ਚਲ ਰਹੀਆਂ ਹਨ।
ਦਿੱਲੀ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਨੂੰ ਚਲ ਰਹੀ ਗਿਣਤੀ ਵਿਚ ਆਮ ਆਦਮੀ ਪਾਰਟੀ 70 ਵਿਚੋਂ 58 ਸੀਟਾਂ ਤੇ ਅਤੇ ਭਾਰਤੀ ਜਨਤਾ ਪਾਰਟੀ 12 ਸੀਟਾਂ ਤੇ ਚਲ ਰਹੀ ਹੈ। ਰੁਝਾਨ ਇਸ਼ਾਰਾ ਕਰ ਰਹੇ ਹਨ ਕਿ ਆਪ ਦੁਬਾਰਾ ਸੱਤਾ ਹਾਸਿਲ ਕਰ ਦੀ ਰਾਹ ਤੇ ਹੈ। ਪਿਛਲੀਆਂ ਚੋਣਾਂ ਦੇ ਮੁਕਾਬਲੇ ਭਾਜਪਾ ਦੀ ਕਾਰਗੁਜ਼ਾਰੀ 'ਚ ਕੁਝ ਸੁਧਾਰ ਹੋਇਆ ਹੈ, ਪਰ ਅਜੇ ਵੀ 10 ਤੋਂ 15 ਸੀਟਾਂ ਮਿਲਣ ਦੀ ਉਮੀਦ ਹੈ।
ਰੁਝਾਨਾਂ 'ਚ ਸਭ ਤੋਂ ਵੱਡਾ ਝਟਕਾ ਕਾਂਗਰਸ ਪਾਰਟੀ ਨੂੰ ਲੱਗਿਆ ਹੈ, ਕਿਉਂਕਿ ਪਿਛਲੀਆਂ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਦਿੱਲੀ 'ਚ ਪਾਰਟੀ ਦਾ ਖਾਤਾ ਖੁੱਲ੍ਹਣ ਵਾਲਾ ਨਹੀਂ। ਇੰਨਾ ਹੀ ਨਹੀਂ, 2020 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ 6 ਪ੍ਰਤੀਸ਼ਤ ਵੋਟਾਂ ਵੀ ਨਹੀਂ ਮਿਲ ਰਹੀਆਂ। ਦੁਪਹਿਰ 1 ਵਜੇ ਤੱਕ ਸਾਹਮਣੇ ਆਏ ਰੁਝਾਨਾਂ 'ਚ ਕਾਂਗਰਸ ਨੂੰ ਸਿਰਫ 4.5% ਵੋਟਾਂ ਮਿਲੀਆਂ।
ਲੋਕ ਸਭਾ ਚੋਣਾਂ ਵਿਚ, ਕਾਂਗਰਸ ਨੂੰ ਦਿੱਲੀ ਵਿਚ 22% ਵੋਟਾਂ ਮਿਲੀਆਂ ਅਤੇ ਇਹ ਭਾਜਪਾ ਤੋਂ ਬਾਅਦ ਰਾਜ 'ਚ ਦੂਜੀ ਧਿਰ ਬਣ ਗਈ। ਪਰ ਦਿੱਲੀ ਵਿਚ 15 ਸਾਲਾ ਤੋਂ ਸੱਤਾ 'ਚ ਰਹੀ ਪਾਰਟੀ ਨੂੰ 2015 ਦੇ ਮੁਕਾਬਲੇ ਵਿਚ 5 ਪ੍ਰਤੀਸ਼ਤ ਘੱਟ ਵੋਟਾਂ ਮਿਲ ਰਹੀਆਂ ਹਨ। ਸਾਲ 2015 'ਚ ਕਾਂਗਰਸ ਨੂੰ 9.5% ਵੋਟਾਂ ਮਿਲੀਆਂ ਸੀ, ਜਦੋਂ ਕਿ 2013 ਵਿਚ ਕਾਂਗਰਸ ਲਗਭਗ 25% ਵੋਟਾਂ ਨਾਲ ਤੀਜੇ ਸਥਾਨ 'ਤੇ ਰਹੀ ਸੀ।