
ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਭਾਰਤੀ ਫੌਜ- ਰਾਜਨਾਥ ਸਿੰਘ
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ਵਿਚ ਚੀਨ ਸਰਹੱਦ ਵਿਵਾਦ ਅਤੇ ਪੂਰਬੀ ਲੱਦਾਖ ਦੀ ਮੌਜੂਦਾ ਸਥਿਤੀ ‘ਤੇ ਜਾਣਕਾਰੀ ਦਿੱਤੀ। ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਚੀਨ ਵੱਲੋਂ ਐਲਏਸੀ ‘ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ। ਪਿਛਲੇ ਸਾਲ ਗਲਵਾਨ ਘਾਟੀ ਵਿਚ ਦੇਸ਼ ਦੇ ਜਵਾਨਾਂ ਨੇ ਦੇਸ਼ ਦੀ ਰੱਖਿਆ ਲਈ ਕੁਰਬਾਨੀ ਦਿੱਤੀ।
Rajnath Singh
ਰੱਖਿਆ ਮੰਤਰੀ ਨੇ ਕਿਹਾ ਅਸੀਂ ਕੰਟਰੋਲ ਰੇਖਾ 'ਤੇ ਸ਼ਾਂਤੀਪੂਰਨ ਸਥਿਤੀ ਬਣਾਈ ਰੱਖਣ ਲਈ ਵਚਨਬੱਧ ਹਾਂ। ਭਾਰਤ ਨੇ ਹਮੇਸ਼ਾਂ ਦੁਵੱਲੇ ਸਬੰਧ ਬਣਾਈ ਰੱਖਣ ‘ਤੇ ਜ਼ੋਰ ਦਿੱਤਾ ਹੈ:। ਰਾਜਨਾਥ ਸਿੰਘ ਨੇ ਅੱਗੇ ਦੱਸਿਆ ਕਿ ਸਾਡੀ ਸੁਰੱਖਿਆ ਬਲਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।
Rajya sabha
ਉਹਨਾਂ ਦੱਸਿਆ ਕਿ ਪੈਗੋਂਗੇ ਝੀਲ ਤੋਂ ਫੌਜ ਵਾਪਸ ਹਟਾਉਣ ‘ਤੇ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਹੈ। ਸਮਝੌਤੇ ਤੋਂ ਬਾਅਦ ਐਲਏਸੀ ‘ਤੇ ਪੁਰਾਣੀ ਸਥਿਤੀ ਬਹਾਲ ਹੋ ਜਾਵੇਗੀ। ਉਹਨਾਂ ਕਿਹਾ ਕਿ ਸਮਝੌਤੇ ਦੌਰਾਨ ਭਾਰਤ ਨੇ ਕੁੱਝ ਨਹੀਂ ਗਵਾਇਆ। ਐਲਏਸੀ ’ਤੇ ਸਾਡੀ ਸਥਿਤੀ ਕਾਫ਼ੀ ਮਜ਼ਬੂਤ ਹੈ। ਰੱਖਿਆ ਮੰਤਰੀ ਨੇ ਕਿਹਾ ਕਿ 48 ਘੰਟਿਆਂ ਅੰਦਰ ਦੋਵੇਂ ਦੇਸ਼ਾਂ ਦੇ ਫ਼ੌਜੀ ਕਮਾਂਡਰਾਂ ਦੀ ਮੀਟਿੰਗ ਹੋਵੇਗੀ।
Rajnath Singh
ਰਾਜਨਾਥ ਸਿੰਘ ਨੇ ਕਿਹਾ ਕਿ ਗੱਲਬਾਤ ਲਈ ਸਾਡੀ ਰਣਨੀਤੀ ਅਤੇ ਦ੍ਰਿਸ਼ਟੀਕੋਣ ਪ੍ਰਧਾਨ ਮੰਤਰੀ ਮੋਦੀ ਦੇ ਇਸ ਦਿਸ਼ਾ ਨਿਰਦੇਸ਼ ‘ਤੇ ਅਧਾਰਤ ਹੈ ਕਿ ਅਸੀਂ ਅਪਣੀ ਇਕ ਇੰਚ ਜ਼ਮੀਨ ਵੀ ਕਿਸੇ ਨੂੰ ਨਹੀਂ ਲੈਣ ਦੇਵਾਂਗੇ।
Rajnath singh
ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਪਿਛਲੇ ਸਾਲ ਸਦਨ ਨੂੰ ਸੂਚਿਤ ਕੀਤਾ ਸੀ ਕਿ ਐਲਏਸੀ ਦੇ ਆਸ ਪਾਸ ਪੂਰਬੀ ਲੱਦਾਖ ਦੇ ਕਈ ਇਲਾਕਿਆਂ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਾਡੀ ਹਥਿਆਰਬੰਦ ਫੌਜ ਵੱਲੋਂ ਭਾਰਤ ਦੀ ਸੁਰੱਖਿਆ ਲਈ ਲੋੜੀਂਦੀ ਕਾਰਵਾਈ ਕੀਤੀ ਗਈ। ਰਾਜਨਾਥ ਸਿੰਘ ਨੇ ਕਿਹਾ, ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਭਾਰਤੀ ਫੌਜਾਂ ਨੇ ਸਾਰੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕੀਤਾ।