
ਰਿਲਾਇੰਸ ਦੀ ਤਜਵੀਜ਼ਸ਼ੁਦਾ ਜਿਉ ਇੰਸਟੀਚਿਊਟ ਨੂੰ ਕੇਂਦਰ ਸਰਕਾਰ ਦੁਆਰਾ ਦੇਸ਼ ਦੀਆਂ ਛੇ ਵਕਾਰੀ ਸੰਸਥਾਵਾਂ ਦੀ ਸੂਚੀ ਵਿਚ ਸ਼ਾਮਲ ਕਰ ਦਿਤਾ ਗਿਆ ਹੈ........
ਮੁੰਬਈ : ਰਿਲਾਇੰਸ ਦੀ ਤਜਵੀਜ਼ਸ਼ੁਦਾ ਜਿਉ ਇੰਸਟੀਚਿਊਟ ਨੂੰ ਕੇਂਦਰ ਸਰਕਾਰ ਦੁਆਰਾ ਦੇਸ਼ ਦੀਆਂ ਛੇ ਵਕਾਰੀ ਸੰਸਥਾਵਾਂ ਦੀ ਸੂਚੀ ਵਿਚ ਸ਼ਾਮਲ ਕਰ ਦਿਤਾ ਗਿਆ ਹੈ। ਇਹ ਸੰਸਥਾ ਹਾਲੇ ਬਣੀ ਵੀ ਨਹੀਂ ਪਰ ਇਸ ਨੂੰ ਵਕਾਰੀ ਸੰਸਥਾ ਦਾ ਦਰਜਾ ਦੇ ਦਿਤਾ ਗਿਆ ਹੈ ਜਿਸ ਕਾਰਨ ਵਿਵਾਦ ਖੜਾ ਹੋ ਗਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਸ ਮਾਮਲੇ ਵਿਚ ਕੇਂਦਰ ਸਰਕਾਰ 'ਤੇ ਹੱਲਾ ਬੋਲ ਦਿਤਾ ਹੈ। ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੰਬਾਨੀ ਭਰਾਵਾਂ ਨਾਲ ਕਰੀਬੀ ਸਬੰਧਾਂ ਕਾਰਨ ਇਸ ਸੰਸਥਾ ਨੂੰ ਏਨਾ ਵੱਡਾ ਦਰਜਾ ਦਿਤਾ ਗਿਆ ਹੈ।
ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਜਿਉ ਸੰਸਥਾ ਨੂੰ ਦੇਸ਼ ਦੀਆਂ ਵਕਾਰੀ ਸੰਸਥਾਵਾਂ ਦੀ ਸੂਚੀ ਵਿਚ ਪਾਉਣ ਦੀ ਤੁਲਨਾ ਉਦਯੋਗਪਤੀਆਂ ਦੀ ਕਰਜ਼ਾ ਮਾਫ਼ੀ ਨਾਲ ਕੀਤੀ। ਯੇਚੁਰੀ ਨੇ ਕਿਹਾ, 'ਹੁਣ ਤਕ ਹੋਂਦ ਵਿਚ ਹੀ ਨਹੀਂ ਆਈ ਯੂਨੀਵਰਸਿਟੀ ਨੂੰ ਵਕਾਰੀ ਸੰਸਥਾ ਦਾ ਤਮਗ਼ਾ ਦੇਣਾ ਕਾਰਪੋਰੇਟ ਜਗਤ ਦੇ ਤਿੰਨ ਲੱਖ ਕਰੋੜ ਰੁਪਏ ਦੇ ਫਸੇ ਹੋਏ ਕਰਜ਼ੇ ਵਾਂਗ ਹੈ ਜਿਸ ਨੂੰ ਸਰਕਾਰ ਨੇ ਚਾਰ ਸਾਲਾਂ ਵਿਚ ਵੱਟੇ ਖਾਤੇ ਪਾ ਦਿਤਾ ਹੈ।' (ਏਜੰਸੀ) ਸਮਾਜਵਾਦੀ ਪਾਰਟੀ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਅੰਬਾਨੀ ਭਰਾਵਾਂ ਨਾਲ ਮੋਦੀ ਦੀ ਨਜ਼ਦੀਕੀ ਦਾ ਨਤੀਜਾ ਦਸਿਆ।
ਰਾਜ ਸਭਾ ਮੈਂਬਰ ਜਾਵੇਦ ਅਲੀ ਖ਼ਾਨ ਨੇ ਕਿਹਾ, 'ਜਿਉ ਦੇ ਮਾਲਕ ਦੇ ਪ੍ਰਧਾਨ ਮੰਤਰੀ ਨਾਲ ਸਬੰਧ ਜਗ-ਜ਼ਾਹਰ ਹਨ। ਆਰਜੇਡੀ ਦੇ ਬੁਲਾਰੇ ਮਨੋਜ ਕੁਮਾਰ ਨੇ ਕਿਹਾ ਕਿ ਮੋਦੀ ਸਰਕਾਰ ਗ਼ਰੀਬ ਵਿਰੋਧੀ ਮਾਨਸਿਕਤਾ ਵਾਲੀ ਹੈ ਅਤੇ ਇਹ ਇਸੇ ਦਾ ਨਤੀਜਾ ਹੈ। ਉਨ੍ਹਾਂ ਕਿਹਾ, 'ਇਹ ਹੈ ਨਿਊ ਇੰਡੀਆ ਜਿਸ ਨੂੰ ਭਾਰੀ ਮੁਸ਼ੱਕਤ ਅਤੇ ਸਖ਼ਤ ਮਿਹਨਤ ਨਾਲ ਦੇਸ਼-ਵਿਦੇਸ਼ ਘੁੰਮ ਕੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਣਾਇਆ ਹੈ। ਜੈ ਹਿੰਦ।' ਸੀਪੀਆਈ ਦੇ ਅਤੁਲ ਕੁਮਾਰ ਅਨਜਾਨ ਨੇ ਇਸ ਨੂੰ ਮੋਦੀ ਸਰਕਾਰ ਦੇ ਜ਼ਮੀਨੀ ਹਕੀਕਤ ਤੋਂ ਬੇਮੁਖ ਹੋਣ ਦਾ ਸਬੂਤ ਦਸਿਆ। (ਏਜੰਸੀ)