
ਆਰੂਸ਼ੀ-ਹੇਮਰਾਜ ਦੋਹਰੇ ਕਤਲ ਕਾਂਡ ਵਿਚ ਤਲਵਾੜ ਪਤੀ-ਪਤਨੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ..............
ਨਵੀਂ ਦਿੱਲੀ : ਆਰੂਸ਼ੀ-ਹੇਮਰਾਜ ਦੋਹਰੇ ਕਤਲ ਕਾਂਡ ਵਿਚ ਤਲਵਾੜ ਪਤੀ-ਪਤਨੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਇਲਾਹਾਬਾਦ ਹਾਈ ਕੋਰਟ ਆਰੂਸ਼ੀ ਦੇ ਮਾਤਾ-ਪਿਤਾ ਰਾਜੇਸ਼ ਅਤੇ ਨੁਪੂਰ ਤਲਵਾੜ ਨੂੰ ਸਬੂਤਾਂ ਦੇ ਅਣਹੋਂਦ ਵਿਚ ਰਿਹਾ ਕਰ ਚੁੱਕੀ ਹੈ। ਰਿਹਾਈ ਵਿਰੁਧ ਸੀਬੀਆਈ ਨੇ ਅਪੀਲ ਕੀਤੀ ਹੈ ਜਿਸ ਨੂੰ ਸੁਪਰੀਮ ਕੋਰਟ ਨੇ ਮਨਜ਼ੂਰ ਕਰ ਲਿਆ ਹੈ। 12 ਅਕਤੂਬਰ ਨੂੰ ਇਲਾਹਬਾਦ ਹਾਈ ਕੋਰਟ ਦੇ ਜੱਜ ਬੀਕੇ ਨਾਰਾਇਣ ਅਤੇ ਏਕੇ ਮਿਸ਼ਰਾ ਨੇ ਤਲਵਾੜ ਜੋੜੇ ਨੂੰ ਸ਼ੱਕ ਦਾ ਫ਼ਾਇਦਾ ਦਿੰਦਿਆਂ ਉਨ੍ਹਾਂ ਦੀ 14 ਸਾਲ ਦੀ ਧੀ ਅਤੇ ਨੌਕਰ ਹੇਮਰਾਜ ਦੀ ਹਤਿਆ ਦੇ ਮਾਮਲੇ ਵਿਚ ਬਰੀ ਕਰ ਦਿਤਾ ਸੀ।
ਦੋਹਾਂ ਦੀ ਹਤਿਆ ਨੋਇਡਾ ਦੇ ਜਲਵਾਯੂ ਵਿਹਾਰ ਇਲਾਕੇ ਵਿਚ 16 ਮਈ 2008 ਨੂੰ ਕੀਤੀ ਗਈ ਸੀ। ਇਲਾਹਾਬਾਦ ਹਾਈ ਕੋਰਟ ਨੇ ਗਾਜ਼ੀਆਬਾਦ ਦੀ ਸੀਬੀਆਈ ਅਦਾਲਤ ਦਾ 26 ਨਵੰਬਰ 2013 ਨੂੰ ਤਲਵਾਰ ਪਤੀ-ਪਤਨੀ ਨੂੰ ਉਮਰ ਕੈਦ ਦੇਣ ਦਾ ਫ਼ੈਸਲਾ ਪਲਟ ਦਿਤਾ ਸੀ ਅਤੇ ਤਲਵਾੜ ਪਤੀ-ਪਤਨੀ ਨੂੰ ਰਿਹਾ ਕਰਨ ਦੇ ਹੁਕਮ ਦਿਤੇ ਸਨ। ਆਰੂਸ਼ੀ ਦੀ ਉਸ ਦੇ ਬੈਡਰੂਮ ਵਿਚ ਹਤਿਆ ਕਰ ਦਿਤੀ ਗਈ ਸੀ। ਪਹਿਲਾਂ ਇਸ ਹਤਿਆ ਦਾ ਸ਼ੱਕ ਨੌਕਰ ਹੇਮਰਾਜ 'ਤੇ ਸੀ। ਬਾਅਦ ਵਿਚ, ਘਰ ਦੀ ਛੱਤ 'ਤੇ ਹੇਮਰਾਜ ਦੀ ਲਾਸ਼ ਵੀ ਮਿਲੀ ਸੀ।
ਉੱਤਰ ਪ੍ਰਦੇਸ਼ ਪੁਲਿਸ ਨੇ ਰਾਜੇਸ਼ ਤਲਵਾੜ ਵਿਰੁਧ ਧੀ ਦੀ ਹਤਿਆ ਦਾ ਪਰਚਾ ਦਰਜ ਕੀਤਾ ਸੀ। ਰਾਜੇਸ਼ ਤਲਵਾੜ ਨੂੰ 23 ਮਈ 2008 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ, 31 ਮਈ 2008 ਨੂੰ ਸੀਬੀਆਈ ਨੇ ਇਸ ਮਾਮਲੇ ਨੂੰ ਅਪਣੇ ਹੱਥ ਵਿਚ ਲੈ ਲਿਆ ਅਤੇ ਸ਼ੁਰੂਆਤ ਵਿਚ ਆਰੂਸ਼ੀ ਦੇ ਮਾਤਾ-ਪਿਤਾ ਨੂੰ ਬਰੀ ਕਰ ਦਿਤਾ ਸੀ, ਫਿਰ ਬਾਅਦ ਵਿਚ ਦੋਹਾਂ ਨੂੰ ਕਤਲ ਲਈ ਇਨ੍ਹਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ। (ਏਜੰਸੀ)