
ਮਾਪਿਆਂ ਦੇ ਝਗੜੇ ਦਾ ਬੱਚਿਆਂ ਦੀ ਮਾਨਸਿਕਤਾ 'ਤੇ ਮਾੜਾ ਪ੍ਰਭਾਵ ਪੈਣ ਦਾ ਖ਼ਦਸ਼ਾ
ਨਵੀਂ ਦਿੱਲੀ : ਘਰਾਂ ਅੰਦਰ ਹੁੰਦੇ ਘਰੇਲੂ ਝਗੜਿਆਂ ਦੌਰਾਨ ਮਾਪੇ ਅਕਸਰ ਬੱਚਿਆਂ ਦੇ ਸਾਹਮਣੇ ਹੀ ਇਕ-ਦੂਜੇ ਨਾਲ ਉਲਝ ਪੈਂਦੇ ਹਨ। ਮਾਂ-ਬਾਪ ਵਿਚਾਲੇ ਹੋਣ ਵਾਲੇ ਅਜਿਹੇ ਝਗੜਿਆਂ ਦਾ ਬੱਚਿਆਂ 'ਤੇ ਨਾਕਰਾਤਮਕ ਪ੍ਰਭਾਵ ਪੈਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ਝਗੜਿਆਂ ਦਾ ਸਿੱਧਾ ਅਸਰ ਬੱਚੇ ਦੀ ਮਾਨਸਿਕਤਾ 'ਤੇ ਪੈਂਦਾ ਹੈ। ਭਾਵੇਂ ਬੱਚਾ ਇਸ ਦੇ ਅਸਰ ਨੂੰ ਸਿੱਧੇ ਤੌਰ 'ਤੇ ਜ਼ਾਹਰ ਨਹੀਂ ਹੋਣ ਦਿੰਦੇ ਪਰ ਮਾਨਸਿਕ ਤੌਰ 'ਤੇ ਉਹ ਇਸ ਤੋਂ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।
children
ਇਸ ਕਾਰਨ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਪਿਆਂ ਨੂੰ ਅਪਣੇ ਝਗੜਿਆਂ ਦਾ ਨਿਪਟਾਰਾ ਬੱਚਿਆਂ ਤੋਂ ਪਰ੍ਹੇ ਆਰਾਮ ਨਾਲ ਕਰ ਲੈਣਾ ਚਾਹੀਦਾ ਹੈ ਤਾਂ ਜੋ ਇਸ ਦੇ ਮਾੜੇ ਪ੍ਰਭਾਵ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ। ਸਿਹਤ ਮਾਹਿਰਾਂ ਮੁਤਾਬਕ ਜਿਹੜੇ ਮਾਪੇ ਬੱਚਿਆਂ ਸਾਹਮਣੇ ਲੜਦੇ-ਝਗੜਦੇ ਰਹਿੰਦੇ ਹਨ, ਉਨ੍ਹਾਂ ਦੇ ਬੱਚੇ ਅਕਸਰ ਘੱਟ ਉਮਰ 'ਚ ਹੀ ਮਾਨਸਿਕ ਰੋਗ ਦੇ ਸ਼ਿਕਾਰ ਜਾਂਦੇ ਹਨ। ਹਰ ਸਮੇਂ ਚਿੰਤਾਗ੍ਰਸਤ ਰਹਿਣ ਕਾਰਨ ਅਜਿਹੇ ਬੱਚੇ ਅਪਣੀ ਪੜ੍ਹਾਈ ਅਤੇ ਖੇਡਾਂ 'ਚ ਪੂਰਾ ਧਿਆਨ ਨਹੀਂ ਲਗਾ ਪਾਉਂਦੇ ਜਿਸ ਕਾਰਨ ਉਹ ਪਿੱਛੇ ਰਹਿ ਜਾਂਦੇ ਹਨ।
children
ਝਗੜਾਲੂ ਮਾਪਿਆਂ ਦੇ ਬੱਚੇ ਜ਼ਿੰਦਗੀ 'ਚ ਇੰਨਾ ਜ਼ਿਆਦਾ ਨਿਰਾਸ਼ ਅਤੇ ਹਤਾਸ਼ ਹੋ ਜਾਂਦੇ ਹਨ ਕਿ ਉਹ ਕਿਸੇ 'ਤੇ ਵੀ ਭਰੋਸਾ ਨਹੀਂ ਕਰ ਪਾਉਂਦੇ। ਜੇਕਰ ਉਨ੍ਹਾਂ ਨਾਲ ਕੋਈ ਪਿਆਰ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਵੀ ਕਰੇ ਤਾਂ ਉਨ੍ਹਾਂ ਨੂੰ ਉਸ 'ਚ ਵੀ ਬੁਰਾਈ ਨਜ਼ਰ ਆਉਣ ਲੱਗਦੀ ਹੈ। ਬੱਚਿਆਂ ਸਾਹਮਣੇ ਛੋਟੀ ਛੋਟੀ ਗੱਲ 'ਤੇ ਝਗੜਾ ਕਰਨ ਵਾਲੇ ਮਾਪਿਆਂ ਦੇ ਬੱਚੇ ਅਕਸਰ ਤਣਾਅ ਤੋਂ ਪੀੜਤ ਹੋ ਜਾਂਦੇ ਹਨ।
children
ਉਨ੍ਹਾਂ ਨੂੰ ਸਾਰਥਕ ਅਤੇ ਖੁਸ਼ਹਾਲ ਮਾਹੌਲ ਨਹੀਂ ਮਿਲ ਪਾਉਂਦਾ ਜਿਸ ਕਾਰਨ ਉਹ ਅਕਸਰ ਮਾਨਸਿਕ ਤਣਾਅ 'ਚ ਰਹਿੰਦੇ ਹਨ ਜਿਸ ਦਾ ਉਨ੍ਹਾਂ ਦੀ ਸਿਹਤ 'ਤੇ ਵੀ ਮਾੜਾ ਅਸਰ ਪੈਣ ਲੱਗਦਾ ਹੈ। ਬੱਚੇ ਦਾ ਸਭਾਅ ਵੀ ਗੁੱਸੇ ਵਾਲਾ ਅਤੇ ਝਗੜਾਲੂ ਹੋ ਜਾਂਦਾ ਹੈ। ਅਜਿਹੇ ਬੱਚੇ ਡਰ ਦੇ ਸ਼ਾਏ 'ਚ ਜਿਊਣ ਲੱਗਦੇ ਹਨ, ਜਿਸ ਦਾ ਅਸਰ ਬੱਚੇ ਦੇ ਮਾਨਸਿਕ ਵਿਕਾਸ 'ਤੇ ਵੀ ਪੈਂਦਾ ਹੈ। ਅਜਿਹੇ ਬੱਚੇ ਅਕਸਰ ਅਪਣੇ ਮਨ ਦੀ ਗੱਲ ਕਿਸੇ ਨਾਲ ਵੀ ਸਾਂਝੀ ਕਰਨ ਤੋਂ ਝਿਜਕਦੇ ਰਹਿੰਦੇ ਹਨ।
children
ਇਸ ਤਰ੍ਹਾਂ ਬੱਚਾ ਅਪਣੇ ਸਹਿਪਾਠੀਆ ਅਤੇ ਦੋਸਤਾਂ ਮਿੱਤਰਾਂ ਨਾਲ ਘੁਲ-ਮਿਲ ਨਹੀਂ ਪਾਉਂਦਾ ਅਤੇ ਉਹ ਇਕੱਲੇਪਣ ਦਾ ਸ਼ਿਕਾਰ ਹੋ ਜਾਂਦਾ ਹੈ, ਜਿਸ ਦਾ ਉਸ ਦੀ ਸ਼ਖ਼ਸੀਅਤ 'ਤੇ ਬਹੁਤ ਮਾੜਾ ਅਸਰ ਹੁੰਦਾ ਹੈ। ਇਸ ਲਈ ਮਾਪਿਆਂ ਨੂੰ ਅਪਣੇ ਬੱਚਿਆਂ ਸਾਹਮਣੇ ਝਗੜਣ ਦੀ ਥਾਂ ਘਰੇਲੂ ਮਸਲਿਆਂ ਨੂੰ ਮਿਲ ਬੈਠ ਕੇ ਹੱਲ ਕਰਨ ਪਹਿਲ ਦੇਣੀ ਚਾਹੀਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।