
ਤਾਜ਼ਾ ਬਰਫਬਾਰੀ ਅਤੇ ਮੀਂਹ ਕਾਰਨ ਪਹਾੜਾਂ ਸਮੇਤ ਮੈਦਾਨੀ ਖੇਤਰਾਂ ਦਾ ਪਾਰਾ ਡਿੱਗਿਆ
ਸ਼੍ਰੀਨਗਰ: ਮਾਰਚ ਮਹੀਨੇ ਦੇ ਪਹਿਲੇ ਹਫਤੇ ਦੌਰਾਨ ਪੱਛਮੀ ਗੜਬੜੀਆਂ ਤਹਿਤ ਪਹਾੜੀ ਇਲਾਕਿਆਂ ਦੇ ਮੌਸਮ ਵਿਚ ਖਾਸ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਇਸ ਦਾ ਅਸਰ ਮੈਦਾਨੀ ਇਲਾਕਿਆਂ 'ਤੇ ਵੀ ਪੈ ਰਿਹਾ ਹੈ। ਮੌਸਮ ਵਿਚ ਆਏ ਬਦਲਾਅ ਕਾਰਨ ਕਸ਼ਮੀਰ ਦੇ ਕਈ ਹਿੱਸਿਆਂ 'ਚ ਮੁੜ ਬਰਫ਼ਬਾਰੀ ਹੋਣ ਦੀਆਂ ਖਬਰਾਂ ਹਨ। ਇਸੇ ਤਰ੍ਹਾਂ ਘਾਟੀ ਦੇ ਬਾਕੀ ਹਿੱਸਿਆਂ 'ਚ ਸ਼ੁੱਕਰਵਾਰ ਨੂੰ ਮੱਧਮ ਤੋਂ ਮੋਹਲੇਧਾਰ ਮੀਂਹ ਦਾ ਦੌਰ ਜਾਰੀ ਰਿਹਾ।
snowfall
ਅਧਿਕਾਰੀਆਂ ਮੁਤਾਬਕ ਗੁਲਮਰਗ, ਕੇਰਨ ਅਤੇ ਮਾਛਿਲ ਸਮੇਤ ਕਸ਼ਮੀਰ ਦੇ ਉੱਪਰੀ ਹਿੱਸਿਆਂ 'ਚ ਵੀਰਵਾਰ ਰਾਤ ਤੋਂ ਬਰਫ਼ਬਾਰੀ ਪੈ ਰਹੀ ਹੈ ਜੋ ਸ਼ੁਕਰਵਾਰ ਨੂੰ ਵੀ ਜਾਰੀ ਰਹੀ। ਇਸ ਤੋਂ ਇਲਾਵਾ ਘਾਟੀ ਦੇ ਕਾਰਨਾਹ ਅਤੇ ਕੇਰਨ ਇਲਾਕਿਆਂ 'ਚ ਢਾਈ ਫੁੱਟ ਬਰਫ਼ ਪਈ, ਜਦੋਂ ਕਿ ਮਾਛਿਲ 'ਚ 2 ਫੁੱਟ ਬਰਫ਼ਬਾਰੀ ਹੋਈ ਹੈ। ਗੁਲਮਰਗ ਅਤੇ ਬਾਰਾਮੂਲਾ ਸ਼ਹਿਰਾਂ 'ਚ ਵੀ ਬਰਫ਼ਬਾਰੀ ਹੋਈ ਹੈ।
snowfalls Kashmir
ਘਾਟੀ ਦੇ ਬਾਕੀ ਹਿੱਸਿਆਂ 'ਚ ਮੰਗਲਵਾਰ ਸ਼ਾਮ ਤੋਂ ਹੀ ਮੀਂਹ ਪੈ ਰਿਹਾ ਹੈ। ਅਧਿਕਾਰੀਆਂ ਮੁਤਾਬਕ ਕਸ਼ਮੀਰ ਦੇ ਉੱਪਰੀ ਹਿੱਸਿਆਂ 'ਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਮੀਂਹ ਪੈਣ ਕਾਰਨ ਫਿਰ ਤੋਂ ਸ਼ੀਤ ਲਹਿਰ ਸ਼ੁਰੂ ਹੋ ਗਈ ਹੈ ਅਤੇ ਤਾਪਮਾਨ ਆਮ ਤੋਂ 7 ਡਿਗਰੀ ਸੈਲਸੀਅਸ ਹੇਠਾਂ ਚੱਲਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਸ਼੍ਰੀਨਗਰ 'ਚ ਵੱਧ ਤੋਂ ਵੱਧ ਤਾਪਮਾਨ 8.2 ਡਿਗਰੀ ਸੈਲਸੀਅਸ ਮਾਪਿਆ ਗਿਆ, ਜੋ ਆਮ ਤੋਂ 6 ਡਿਗਰੀ ਸੈਲਸੀਅਸ ਘੱਟ ਹੈ।
snowfalls Kashmir
ਬਾਕੀ ਥਾਵਾਂ 'ਤੇ ਵੀ ਵੱਧ ਤੋਂ ਵੱਧ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਪਹਾੜਾਂ ਵਿਚ ਪੈ ਰਹੇ ਮੀਂਹ ਅਤੇ ਬਰਫਬਾਰੀ ਦਾ ਅਸਲ ਨੇੜਵੇ ਮੈਦਾਨੀ ਇਲਾਕਿਆਂ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਅੰਦਰ ਸ਼ੁੱਕਰਵਾਰ ਨੂੰ ਸਾਰਾ ਦਿਨ ਬੱਦਲ ਛਾਏ ਰਹੇ। ਕਈ ਥਾਈ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਦੇ ਛਰਾਟਿਆਂ ਨਾਲ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਦੂਜੇ ਪਾਸੇ ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਦੇ ਖਦਸ਼ਿਆਂ ਕਾਰਨ ਕਿਸਾਨਾਂ ਅੰਦਰ ਚਿੰਤਾ ਦਾ ਮਾਹੌਲ ਹੈ। ਪੱਕਣ 'ਤੇ ਆਈ ਕਣਕ ਅਤੇ ਸਰ੍ਹੋਂ ਸਮੇਤ ਦੂਜੀਆਂ ਫ਼ਸਲਾਂ ਨੂੰ ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਕਾਰਨ ਨੁਕਸਾਨ ਪਹੁੰਚ ਸਕਦਾ ਹੈ।