
ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਿਤੀ ਜਾਣਕਾਰੀ
ਨਵੀਂ ਦਿੱਲੀ: ਅਣਜਾਣ ਕੌਮਾਂਤਰੀ ਨੰਬਰਾਂ ਤੋਂ ਵਟਸਐਪ 'ਤੇ ਸਪੈਮ ਕਾਲਾਂ ਦੇ ਮਾਮਲੇ ਵਿਚ ਸੂਚਨਾ ਤਕਨਾਲੋਜੀ (ਆਈਟੀ) ਮੰਤਰਾਲਾ ਮੈਸੇਜਿੰਗ ਐਪ ਨੂੰ ਨੋਟਿਸ ਭੇਜੇਗਾ। ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਉਪਭੋਗਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪਲੇਟਫਾਰਮ ਦੀ ਜ਼ਿੰਮੇਵਾਰੀ ਹੈ। ਕੇਂਦਰੀ ਮੰਤਰੀ ਨੇ ਸਪੱਸ਼ਟ ਸੰਦੇਸ਼ ਦਿੰਦੇ ਹੋਏ ਕਿਹਾ ਕਿ ਡਿਜੀਟਲ ਪਲੇਟਫਾਰਮ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਅਤੇ ਜਵਾਬਦੇਹ ਹਨ।
ਇਹ ਵੀ ਪੜ੍ਹੋ: ‘ਉਡਾਨ’ ਸਕੀਮ ’ਚ ਘਪਲਾ: 7.2 ਕਰੋੜ ਰੁਪਏ ’ਚ ਬਿਨ੍ਹਾਂ ਦਸਤਾਵੇਜ਼ ਖਰੀਦੇ 2.45 ਕਰੋੜ ਸੈਨੇਟਰੀ ਪੈਡ
ਉਨ੍ਹਾਂ ਕਿਹਾ ਕਿ ਸਰਕਾਰ ਕਥਿਤ ਦੁਰਵਰਤੋਂ ਜਾਂ ਉਪਭੋਗਤਾਵਾਂ ਦੀ ਗੋਪਨੀਯਤਾ ਦੀ ਕਥਿਤ ਉਲੰਘਣਾ ਦੇ ਹਰੇਕ ਮਾਮਲੇ ਦਾ ਜਵਾਬ ਦੇਵੇਗੀ। ਉਨ੍ਹਾਂ ਨੇ ਸੰਕੇਤ ਦਿਤਾ ਕਿ ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਵਟਸਐਪ ਨੰਬਰਾਂ ਨੂੰ ਮਾਰਕ ਕੀਤਾ ਜਾ ਰਿਹਾ ਹੈ ਅਤੇ ਇਹ ਨੰਬਰ ਉਨ੍ਹਾਂ ਤਕ ਕਿਵੇਂ ਪਹੁੰਚ ਰਹੇ ਹਨ ਅਤੇ ਕੀ ਡਾਟਾਬੇਸ ਦੀ ਵਰਤੋਂ ਇਸ ਲਈ ਕੀਤੀ ਜਾ ਰਹੀ ਹੈ। ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਅਹਿਮ ਹੈ ਜਦੋਂ ਭਾਰਤ ਵਿਚ ਵੱਡੀ ਗਿਣਤੀ ਵਿਚ ਵਟਸਐਪ ਉਪਭੋਗਤਾ ਪਿਛਲੇ ਕੁੱਝ ਦਿਨਾਂ ਤੋਂ ਅਣਚਾਹੀਆਂ ਕੌਮਾਂਤਰੀ ਕਾਲਾਂ ਦੀ ਸ਼ਿਕਾਇਤ ਕਰ ਰਹੇ ਹਨ।
ਇਹ ਵੀ ਪੜ੍ਹੋ: ਮਣੀਪੁਰ ਹਿੰਸਾ: ਗੋਲੀਬਾਰੀ ਦੌਰਾਨ ਇਕ ਪੁਲਿਸ ਕਰਮਚਾਰੀ ਦੀ ਮੌਤ, ਚਾਰ ਹੋਰ ਜ਼ਖ਼ਮੀ
ਕਈ ਵਟਸਐਪ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ 'ਤੇ ਸ਼ਿਕਾਇਤ ਕੀਤੀ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਅਣਚਾਹੇ ਫ਼ੋਨ ਇੰਡੋਨੇਸ਼ੀਆ (+62), ਵੀਅਤਨਾਮ (+84), ਮਲੇਸ਼ੀਆ (+60), ਕੀਨੀਆ (254) ਅਤੇ ਇਥੋਪੀਆ (+251) ਦੇ ਨੰਬਰਾਂ ਤੋਂ ਹਨ। ਚੰਦਰਸ਼ੇਖਰ ਨੇ ਵੀਰਵਾਰ ਨੂੰ ਕਿਹਾ ਕਿ ਮੰਤਰਾਲੇ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਇਸ ਸਬੰਧ 'ਚ ਵਟਸਐਪ ਨੂੰ ਨੋਟਿਸ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਸਪੈਮ ਦਾ ਮੁੱਦਾ ਹੈ ਤਾਂ ਇਸ ਨੂੰ ਯਕੀਨੀ ਤੌਰ 'ਤੇ ਵਟਸਐਪ ਜਾਂ ਹੋਰ ਮੈਸੇਜਿੰਗ ਐਪਸ ਨੂੰ ਦੇਖਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਇਸ ਸਮੇਂ ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ ਕਾਲ ਕਰਨ ਵਾਲੇ ਇਨ੍ਹਾਂ ਨੰਬਰਾਂ ਨੂੰ ਕਿਵੇਂ ਟਰੇਸ ਕਰ ਸਕਦੇ ਹਨ।
ਇਹ ਵੀ ਪੜ੍ਹੋ: ਟਵਿਟਰ CEO ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ ਐਲੋਨ ਮਸਕ, ਮਹਿਲਾ ਨੂੰ ਚੁਣਿਆ ਕੰਪਨੀ ਦਾ ਨਵਾਂ CEO
ਚੰਦਰਸ਼ੇਖਰ ਨੇ ਇਹ ਵੀ ਕਿਹਾ ਕਿ ਸਰਕਾਰ ਸਮਾਰਟਫ਼ੋਨਾਂ ਵਿਚ ਪਹਿਲਾਂ ਤੋਂ ਸਥਾਪਤ ਐਪਸ ਦੀ ਆਗਿਆ ਦੇਣ ਲਈ ਦਿਸ਼ਾ-ਨਿਰਦੇਸ਼ ਤੈਅ ਕਰਨ 'ਤੇ ਵਿਚਾਰ ਕਰ ਰਹੀ ਹੈ। ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਪਲੇਟਫਾਰਮ ਖਪਤਕਾਰਾਂ ਦੀ ਸੁਰੱਖਿਆ ਅਤੇ ਵਿਸ਼ਵਾਸ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ: ਗੈਂਗਸਟਰ ਟਿੱਲੂ ਤਾਜਪੁਰੀਆ ਦੀ ਹਤਿਆ ਮਗਰੋਂ ਤਿਹਾੜ ਜੇਲ ਦੇ 90 ਤੋਂ ਵੱਧ ਅਧਿਕਾਰੀਆਂ ਦਾ ਤਬਾਦਲਾ
ਵਟਸਐਪ ਦੇ ਬੁਲਾਰੇ ਨੇ ਈਮੇਲ ਰਾਹੀਂ ਕਿਹਾ ਕਿ ਕੌਮਾਂਤਰੀ ਸਪੈਮ ਕਾਲਾਂ ਇਕ ਨਵਾਂ ਰੁਝਾਨ ਹੈ ਜੋ ਹਾਲ ਹੀ ਵਿਚ ਅਪਣਾਇਆ ਗਿਆ ਹੈ ਅਤੇ ਪਲੇਟਫਾਰਮ ਨੇ ਅਜਿਹੀਆਂ ਘਟਨਾਵਾਂ ਨੂੰ ਮਹੱਤਵਪੂਰਨ ਤੌਰ 'ਤੇ ਘਟਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਮਸ਼ੀਨ ਲਰਨਿੰਗ (ML) ਦੀ ਪ੍ਰਣਾਲੀ ਦਾ ਤੇਜ਼ੀ ਨਾਲ ਵਿਸਤਾਰ ਕੀਤਾ ਹੈ। ਉਨ੍ਹਾਂ ਕਿਹਾ, “ਸਾਡਾ ਨਵਾਂ ਸਿਸਟਮ ਮੌਜੂਦਾ ਕਾਲਿੰਗ ਦਰ ਨੂੰ ਘੱਟੋ-ਘੱਟ 50 ਫ਼ੀ ਸਦੀ ਤਕ ਘਟਾ ਦੇਵੇਗਾ। ਅਸੀਂ ਮੌਜੂਦਾ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ਦੇ ਯੋਗ ਹੋਣ ਦੀ ਉਮੀਦ ਕਰਦੇ ਹਾਂ। ਅਸੀਂ ਆਪਣੇ ਗਾਹਕਾਂ ਲਈ ਇਕ ਸੁਰੱਖਿਅਤ ਅਨੁਭਵ ਯਕੀਨੀ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਾਂਗੇ।”