
ਮੁਲਜ਼ਮ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ : ਪੁਲਿਸ
ਬੇਂਗਲੁਰੂ: ਬੇਂਗਲੁਰੂ ਦੇ ਭੀੜ-ਭੜੱਕੇ ਵਾਲੇ ‘ਚੋਰ ਬਾਜ਼ਾਰ’ ’ਚ ਨੀਦਰਲੈਂਡ ਦੇ ਇਕ ਬਲਾਗਰ ਅਤੇ ਯੂ-ਟਿਊਬਰ ਨਾਲ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਆਇਆ, ਜਿਸ ਤੋਂ ਬਾਅਦ ਲੋਕ ਮੁਲਜ਼ਮ ਵਿਰੁਧ ਕਾਰਵਾਈ ਦੀ ਮੰਗ ਕਰਨ ਲੱਗੇ। ਮੁਲਜ਼ਮ ਸਥਾਨਕ ਦੁਕਾਨਦਾਰ ਦਸਿਆ ਜਾ ਰਿਹਾ ਹੈ।
ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਯੂ-ਟਿਊਬਰ ਪੈਡਰੋ ਮੋਤਾ ਬਾਜ਼ਾਰ ’ਚ ਅਪਣਾ ਸਫ਼ਰ ਰੀਕਾਰਡ ਕਰ ਰਹੇ ਸਨ ਤਾਂ ਅਚਾਨਕ ਇਕ ਵਿਅਕਤੀ ਨੇ ਉਨ੍ਹਾਂ ਦਾ ਹੱਥ ਫੜ ਲਿਆ ਅਤੇ ਵੀਡੀਓ ਰੀਕਾਰਡ ਕਰਨ ’ਤੇ ਉਨ੍ਹਾਂ ਨੂੰ ਸਵਾਲ ਕੀਤਾ। ਜਦੋਂ ਵਿਦੇਸ਼ੀ ਨਾਗਰਿਕ ਸ਼ੁਰੂ ’ਚ ਨਮਸਤੇ ਕਹਿ ਕੇ ਉਨ੍ਹਾਂ ਨੂੰ ਨਿਮਰਤਾ ਨਾਲ ਬੁਲਾਉਂਦਾ ਹੈ ਅਤੇ ਅਪਣਾ ਹੱਥ ਛੱਡਣ ਦੀ ਬੇਨਤੀ ਕਰਤਾ ਹੈ ਤਾਂ ਉਹ ਆਦਮੀ ਉਸ ਨੂੰ ਧੱਕਾ ਦੇ ਦਿੰਦਾ ਹੈ। ਤੁਰਤ ਹੀ ਮੋਤਾ ਉਥੋਂ ਚਲੇ ਗਏ।
ਮੋਤਾ ਨੇ ਸੋਮਵਾਰ ਨੂੰ ਅਪਣੇ ਯੂ-ਟਿਊਬ ਚੈਨਲ ‘ਮੈਡਲੀ ਰੋਵਰ’ ’ਤੇ ਇਸ ਘਟਨਾ ਦਾ ਵੀਡੀਓ ਪੋਸਟ ਕਰਦਿਆਂ ਲਿਖਿਆ ਹੈ, ‘‘ਭਾਰਤ ’ਚ ਯਾਤਰਾ ਕਰਨ ਵਾਲੇ ਵਿਦੇਸ਼ੀ ਬੇਂਗਲੁਰੂ ’ਚ ਸੰਡੇ ਮਾਰਕੀਟ ਜਾਂ ਚੋਰ ਬਾਜ਼ਾਰ ਜਾਂਦੇ ਹਨ। ਮੈਨੂੰ ਉੱਥੇ ਕੌੜਾ ਤਜਰਬਾ ਹੋਇਆ ਜਦੋਂ ਗੁੱਸੇ ’ਚ ਇਕ ਵਿਅਕਤੀ ਨੇ ਮੇਰੇ ਹੱਥ ਅਤੇ ਬਾਂਹ ਮਰੋੜ ਕੇ ਮੇਰੇ ’ਤੇ ਹਮਲਾ ਕਰ ਦਿਤਾ। ਜਦੋਂ ਮੈਂ ਉਥੋਂ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਮੇਰੇ ਪਿੱਛੇ ਪੈ ਗਿਆ।’’
ਜਦਕਿ ਮੋਤਾ ਨਾਲ ਬਦਤਮੀਜ਼ੀ ਕਰਨ ਵਾਲੇ ਮੁਲਜ਼ਮ ਵਿਰੁਧ ਕਾਰਵਾਈ ਦੀ ਮੰਗ ਕਰਨ ਵਾਲੇ ਇਕ ਟਵੀਟ ਦਾ ਜਵਾਬ ਦਿੰਦਿਆਂ ਬੇਂਗਲੁਰੂ ਪੁਲਿਸ ਨੇ ਕਿਹਾ ਕਿ ਕਾਰਵਾਈ ਕੀਤੀ ਗਈ ਅਤੇ ਸਬੰਧਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ੀ ਸੈਲਾਨੀਆਂ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਬੇਂਗਲੁਰੂ ਦੇ ਪੁਲਿਸ ਕਮਿਸ਼ਨਰ ਬੀ. ਦਿਆਨੰਦ ਨੇ ਟਵੀਟ ਕੀਤਾ, ‘‘ਇਹ ਇਕ ਪੁਰਾਣਾ ਵੀਡੀਓ ਹੈ ਜੋ ਹੁਣ ਅਪਲੋਡ ਕੀਤਾ ਗਿਆ ਹੈ। ਵੀਡੀਓ ’ਚ ਪ੍ਰੇਸ਼ਾਨ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ, ਉਸ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਗਈ ਹੈ। ਨੰਮਾ ਬੇਂਗਲੁਰੂ ’ਚ ਕਿਸੇ ਵਿਰੁਧ ਇਸ ਤਰ੍ਹਾਂ ਦੀ ਜ਼ਿਆਦਤੀ ਦੀ ਕੋਈ ਗੁੰਜਾਇਸ਼ ਨਹੀਂ ਹੈ।’’