
ਭਾਰਤ ਜਿੱਥੇ ਵਿਸ਼ਵ ਦੀਆਂ ਵੱਡੀਆਂ ਅਰਥਵਿਵਸਥਾਵਾਂ ਵਿਚ ਸ਼ੁਮਾਰ ਹੋਣ ਵੱਲ ਲਗਾਤਾਰ ਵਧ ਰਿਹਾ ਹੈ, ਉਥੇ ਹੀ ਰੱਖਿਆ ਖੇਤਰ ਵਿਚ ਵੀ ਭਾਰਤ ਪਹਿਲਾਂ ਨਾਲੋਂ ਕਾਫ਼ੀ...
ਨਵੀਂ ਦਿੱਲੀ : ਭਾਰਤ ਜਿੱਥੇ ਵਿਸ਼ਵ ਦੀਆਂ ਵੱਡੀਆਂ ਅਰਥਵਿਵਸਥਾਵਾਂ ਵਿਚ ਸ਼ੁਮਾਰ ਹੋਣ ਵੱਲ ਲਗਾਤਾਰ ਵਧ ਰਿਹਾ ਹੈ, ਉਥੇ ਹੀ ਰੱਖਿਆ ਖੇਤਰ ਵਿਚ ਵੀ ਭਾਰਤ ਪਹਿਲਾਂ ਨਾਲੋਂ ਕਾਫ਼ੀ ਤਰੱਕੀ ਹਾਸਲ ਕਰ ਰਿਹਾ ਹੈ। ਦੇਸ਼ ਨੇ ਪਿਛਲੇ ਸਮੇਂ ਦੌਰਾਨ ਜਿੱਥੇ ਸਵਦੇਸ਼ੀ ਹਥਿਆਰ ਅਤੇ ਲੜਾਕੂ ਜਹਾਜ਼ ਆਦਿ ਤਿਆਰ ਕੀਤੇ ਹਨ, ਉਥੇ ਹੀ ਹੁਣ ਸਿਆਚਿਨ ਗਲੇਸ਼ੀਅਰ ਵਿਚ ਤਾਇਨਾਤ ਫ਼ੌਜੀ ਜਵਾਨਾਂ ਲਈ ਬਣਨ ਵਾਲੀਆਂ ਵਿਸ਼ੇਸ਼ ਕਿਸਮ ਦੀਆਂ ਵਰਦੀਆਂ ਵੀ ਹੁਣ ਭਾਰਤ ਵਿਚ ਬਣਨੀਆਂ ਸ਼ੁਰੂ ਹੋ ਜਾਣਗੀਆਂ।
Indian Army In Siachen
ਦਸ ਦਈਏ ਕਿ ਸਿਆਚਿਨ ਗਲੇਸ਼ੀਅਰ ਨੂੰ ਵਿਸ਼ਵ ਦਾ ਸਭ ਤੋਂ ਵੱਧ ਖ਼ਤਰਨਾਕ ਜੰਗ ਦਾ ਮੈਦਾਨ ਮੰਨਿਆ ਜਾਂਦਾ ਹੈ। ਉਥੇ ਬਰਫ਼ੀਲੀਆਂ ਪਹਾੜੀਆਂ 'ਤੇ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਹੁੰਦਾ ਹੈ, ਅਜਿਹੇ ਵਿਚ ਉਥੇ ਤਾਇਨਾਤ ਫ਼ੌਜੀ ਜਵਾਨਾਂ ਨੂੰ ਖ਼ਾਸ ਤਰ੍ਹਾਂ ਦੀਆਂ ਪੌਸ਼ਾਕਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਪੌਸ਼ਾਕਾਂ ਨੂੰ ਵਿਦੇਸ਼ ਤੋਂ ਮੰਗਵਾਇਆ ਹੈ ਪਰ ਹੁਣ ਇਹ ਖ਼ਾਸ ਪੌਸ਼ਾਕਾਂ ਤਿਆਰ ਕਰਨ ਦਾ ਪ੍ਰੋਜੈਕਟ ਭਾਰਤ ਵਿਚ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨੂੰ ਅੰਤਮ ਛੋਹਾਂ ਦਿਤੀਆਂ ਜਾ ਰਹੀਆਂ ਹਨ। ਇਸ ਖੇਤਰ ਵਿਚ ਤਾਇਨਾਤ ਫ਼ੌਜੀ ਜਵਾਨਾਂ ਲਈ ਹੱਦ ਤੋਂ ਜ਼ਿਆਦਾ ਠੰਡ ਤੋਂ ਬਚਣ ਲਈ ਵਿਸ਼ੇਸ਼ ਤਰ੍ਹਾਂ ਦੇ ਕੱਪੜੇ ਵਿਦੇਸ਼ ਤੋਂ ਖ਼ਰੀਦਣ ਲਈ ਭਾਰਤ ਨੂੰ ਹਰ ਸਾਲ 800 ਰਕੋੜ ਰੁਪਏ ਖ਼ਰਚਣੇ ਪੈਂਦੇ ਹਨ।
Indian Army In Siachen
ਇਨ੍ਹਾਂ ਕੱਪੜਿਆਂ ਦੇ ਨਾਲ ਉਹ ਵਿਸ਼ੇਸ਼ ਕਿਸਮ ਦੀ ਕਿੱਟ ਵੀ ਮੌਜੂਦ ਹੁੰਦੀ ਹੈ, ਜਿਹੜੀ 16,000 ਤੋਂ ਲੈ ਕੇ 20,000 ਫ਼ੁੱਟ ਤਕ ਦੀ ਉਚਾਈ ਦੇ ਗਲੇਸ਼ੀਅਰ ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਫ਼ੌਜੀ ਜਵਾਨਾਂ ਦੇ ਕੰਮ ਆਉਂਦੀ ਹੈ। ਫ਼ੌਜ ਦੇ ਸੂਤਰਾਂ ਨੇ ਦਸਿਆ ਕਿ ਦੇਸ਼ ਵਿਚ ਹੀ ਇਹ ਖ਼ਾਸ ਕਿਸਮ ਦੀਆਂ ਪੌਸ਼ਾਕਾਂ ਤਿਆਰ ਕਰਨ ਨਾਲ ਭਾਰਤ ਦਾ ਘੱਟ ਖ਼ਰਚਾ ਹੋਵੇਗਾ ਅਤੇ ਹਰ ਸਾਲ ਇਸ ਨਾਲ ਫ਼ੌਜ ਦੇ 300 ਕਰੋੜ ਰੁਪਏ ਬਚਾਏ ਜਾ ਸਕਣਗੇ। ਇਸ ਵੇਲੇ ਇਹ ਵਿਸ਼ੇਸ਼ ਕਿਸਮ ਦੀਆਂ ਪੌਸ਼ਾਕਾਂ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਹੈ।
Indian Army In Siachen
ਸੂਤਰਾਂ ਨੇ ਦਸਿਆ ਕਿ ਨਿਜੀ ਖੇਤਰ ਦੀ ਸ਼ਮੂਲੀਅਤ ਲਈ ਸਿਆਚਿਨ ਗਲੇਸ਼ੀਅਰ 'ਤੇ ਤਾਇਨਾਤ ਫ਼ੌਜੀ ਜਵਾਨਾਂ ਲਈ ਪੁਸ਼ਾਕਾਂ ਹੁਣ ਦੇਸ਼ ਵਿਚ ਹੀ ਤਿਆਰ ਕਰਨ ਦੇ ਪ੍ਰੋਜੈਕਟ ਨੂੰ ਲਗਭਗ ਅੰਤਿਮ ਰੂਪ ਦੇ ਦਿਤਾ ਜਾ ਰਿਹਾ ਹੈ। ਹੁਣ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਭਾਰਤ 'ਚ ਥਰਮਲ ਇਨਸੋਲਜ਼, ਬਰਫ਼ ਦੀਆਂ ਐਨਕਾਂ, ਬਰਫ਼ ਨੂੰ ਤੋੜਨ ਵਾਲੀ ਕੁਹਾੜੀ, ਬਰਫ਼ ਵਿਚ ਵਰਤੇ ਜਾਣ ਵਾਲੇ ਬੂਟ, ਬਰਫ਼ਾਨੀ ਤੋਦਿਆਂ ਦੇ ਸ਼ਿਕਾਰ ਪੀੜਤਾਂ ਦਾ ਪਤਾ ਲਾਉਣ ਵਾਲਾ ਡਿਟੈਕਟਰ, ਚੱਟਾਨੀ ਪਿਟਆਨਜ਼, ਕਾਰਾਬਾਈਨਰ ਸਬੰਧਤ ਪਰਬਤਾਰੋਹਣ ਉਪਕਰਨ ਤੇ ਸੌਣ ਵਾਲੇ ਬੈਗ ਆਦਿ ਬਣਾਏ ਜਾਇਆ ਕਰਨਗੇ।
Indian Army In Siachen
ਇਸ ਵਿਸ਼ੇਸ਼ ਕਿਸਮ ਦੀ ਪੌਸ਼ਾਕ ਨੂੰ ਚੀਨ ਸਰਹੱਦ 'ਤੇ ਡੋਕਲਾਮ ਵਰਗੇ ਉੱਚੇ ਪਹਾੜੀ ਖੇਤਰਾਂ 'ਤੇ ਤਾਇਨਾਤ ਫ਼ੌਜੀ ਜਵਾਨਾਂ ਲਈ ਵਰਤੀ ਜਾਵੇਗੀ। ਇਨ੍ਹਾਂ ਗਲੇਸ਼ੀਅਰਾਂ 'ਤੇ ਬਹੁਤ ਵਾਰ ਤਾਪਮਾਨ ਮਾਈਨਸ 60 ਡਿਗਰੀ ਸੈਲਸੀਅਸ ਤਕ ਚਲਾ ਜਾਂਦਾ ਹੈ। ਪਿਛਲੇ 10 ਵਰ੍ਹਿਆਂ ਦੌਰਾਨ ਸਿਆਚਿਨ ਗਲੇਸ਼ੀਅਰ 'ਤੇ ਤਾਇਨਾਤ 163 ਜਵਾਨਾਂ ਦੀ ਡਿਊਟੀ ਦੌਰਾਨ ਮੌਤ ਹੋ ਚੁੱਕੀ ਹੈ।