
ਬਿਹਾਰ ਦੇ ਨਤੀਜਿਆਂ ਨੇ ਵਧਾਈ ਖੇਤਰੀ ਪਾਰਟੀਆਂ ਦੀ ਚਿੰਤਾ, ਭਾਜਪਾ ਨੇ ਬਦਲੇ ਗਠਜੋੜ ਧਰਮ ਦੇ ਮਾਇਨੇ!
ਚੰਡੀਗੜ੍ਹ : ਬਿਹਾਰ ਦੀ ਜਿੱਤ ਨੇ ਭਾਜਪਾ ਦੇ ਹੌਂਸਲਿਆਂ ਨੂੰ ਨਵੀਂ ਉਡਾਨ ਦਿਤੀ ਹੈ। ਪੰਜਾਬ ਨਾਲ ਸਬੰਧਤ ਭਾਜਪਾ ਆਗੂ ਜਿੱਥੇ ਅਗਲਾ ਮਿਸ਼ਨ ਪੰਜਾਬ ਜਿੱਤ ਨੂੰ ਦੱਸ ਰਹੇ ਹਨ ਉਥੇ ਹੀ ਕੌਮੀ ਲੀਡਰਸ਼ਿਪ ਅਗਲਾ ਟੀਚਾ ਪੱਛਮੀ ਬੰਗਾਲ ਨੂੰ ਦਸਦਿਆਂ ਪਾਰਟੀ ਵਰਕਰਾਂ ਨੂੰ ਤਿਆਰੀਆਂ 'ਚ ਜੁਟਣ ਦੀ ਹੱਲਾਸ਼ੇਰੀ ਦੇ ਰਹੀ ਹੈ। ਦੂਜੇ ਪਾਸੇ ਭਾਜਪਾ ਦੀ ਹਾਲੀਆ ਜਿੱਤ ਤੋਂ ਬਾਅਦ ਖੇਤਰੀ ਪਾਰਟੀਆਂ ਅੰਦਰ ਘਬਰਾਹਟ ਪਾਈ ਜਾ ਰਹੀ ਹੈ।
BJP leadership
ਬਿਹਾਰ 'ਚ ਨਿਤੀਸ਼ ਕੁਮਾਰ ਦੇ ਸੀਨੀਅਰ ਤੋਂ ਜੂਨੀਅਰ ਬਣਨ ਦੀ ਕਹਾਣੀ ਸਭ ਦਾ ਧਿਆਨ ਖਿੱਚ ਰਹੀ ਹੈ। ਸੱਤਾ ਦੀਆਂ ਉਚਾਈਆਂ ਛੂਹਣ ਖ਼ਾਤਰ ਅਪਣੇ ਸਾਰੇ ਸਿਧਾਂਤਾਂ ਨੂੰ ਪਿੱਛੇ ਛੱਡ ਚੁੱਕੇ ਨਤੀਸ਼ ਕੁਮਾਰ ਭਾਜਪਾ ਨਾਲ ਮਿਲ ਕੇ ਭਾਵੇਂ ਮੁੱਖ ਮੰਤਰੀ ਦੀ ਕੁਰਸੀ ਤਕ ਤਾਂ ਇਕ ਵਾਰ ਫਿਰ ਪਹੁੰਚ ਗਏ ਹਨ, ਪਰ ਸੂਬੇ 'ਚ ਬੀਜੇਪੀ ਦੀ ਵਧੀ ਤਾਕਤ ਕਾਰਨ ਉਨ੍ਹਾਂ ਦੇ ਰਸਤਿਆਂ 'ਚ ਅਨੇਕਾਂ ਔਕੜਾਂ ਵੀ ਆਣ ਖੜ੍ਹੀਆਂ ਹੋਈਆਂ ਹਨ।
BJP leadership
ਭਾਜਪਾ ਦੀ ਸੀਨੀਅਰ ਲੀਡਰਸ਼ਿਪ ਭਾਵੇਂ ਨਤੀਸ਼ ਕੁਮਾਰ ਦੇ ਹੀ ਸੂਬੇ ਦਾ ਮੁੱਖ ਮੰਤਰੀ ਹੋਣ ਦਾ ਦਮ ਭਰ ਰਹੀ ਹੈ, ਪਰ ਸਾਹਮਣੇ ਆ ਰਹੀਆਂ ਮੀਡੀਆ ਕਨਸੋਆਂ ਭਾਜਪਾ ਦੀ ਅਸਲ ਮਨੋਦਿਸ਼ਾ ਦਾ ਬਖ਼ਾਨ ਖੁਦ-ਬ-ਖੁਦ ਕਰੀ ਜਾ ਰਹੀਆਂ ਹਨ। ਇਸ ਵਾਰ ਜਿੱਥੇ ਨਤੀਸ਼ ਦੀ ਪਾਰਟੀ 43 ਸੀਟਾਂ 'ਤੇ ਸਿਮਟ ਗਈ ਹੈ, ਉਥੇ ਹੀ ਭਾਜਪਾ ਦਾ ਅੰਕੜਾ 74 ਤਕ ਪਹੁੰਚ ਗਿਆ ਹੈ।
BJP leadership
ਸੀਟਾਂ ਦੇ ਲਿਹਾਜ਼ ਨਾਲ ਬਿਹਾਰ 'ਚ ਭਾਜਪਾ ਦਾ ਮੁੱਖ ਮੰਤਰੀ ਬਣ ਸਕਦਾ ਹੈ, ਪਰ ਭਾਜਪਾ ਅਜੇ ਵੱਡਾ ਦਿਲ ਦਿਖਾਉਂਦਿਆਂ ਨਤੀਸ਼ ਨੂੰ ਮੁੱਖ ਮੰਤਰੀ ਬਣਾਉਣ ਦੀ ਹਾਮੀ ਭਰ ਰਹੀ ਹੈ। ਪਰ ਨੇੜ ਭਵਿੱਖ 'ਚ ਨਤੀਸ਼ ਦੇ ਮੁੱਖ ਮੰਤਰੀ ਵਜੋਂ ਵਿਚਰਨ ਨੂੰ ਲੈ ਕੇ ਸ਼ੰਕੇ ਖੜ੍ਹੇ ਹੋਣੇ ਸ਼ੁਰੂ ਹੋ ਗਏ ਸਨ। ਨਤੀਸ਼ ਕੁਮਾਰ ਇਕ ਅਜਿਹੇ ਨੇਤਾ ਵਜੋਂ ਜਾਣੇ ਜਾਂਦੇ ਹਨ ਜੋ ਕਿਸੇ ਦੇ ਥੱਲੇ ਲੱਗ ਕੇ ਕੰਮ ਨਹੀਂ ਕਰ ਸਕਦੇ। ਭਵਿੱਖ 'ਚ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਵੱਧ ਸੀਟਾਂ ਦੀ ਧੌਂਸ ਵਿਖਾਣ ਜਾਂ ਭਾਜਪਾ ਵਿਧਾਇਕਾਂ ਵਲੋਂ ਸਰਕਾਰ 'ਚ ਵਧੇਰੇ ਦਖ਼ਲ-ਅੰਦਾਜ਼ੀ ਕਰਨ ਦੀ ਸੂਰਤ 'ਚ ਨਤੀਸ਼ ਕੁਮਾਰ ਪਲਟੀ ਮਾਰ ਕੇ ਅਪਣੇ ਪੁਰਾਣੇ ਭਾਈਵਾਲਾਂ ਵੱਲ ਵੀ ਜਾ ਸਕਦੇ ਹਨ।
BJP leadership
ਦੂਜੇ ਪਾਸੇ ਭਾਜਪਾ ਛਵੀ ਅਜਿਹੀ ਬਣਦੀ ਜਾ ਰਹੀ ਹੈ ਕਿ ਉਹ ਕਿਸੇ ਖੇਤਰੀ ਪਾਰਟੀ ਦੀ ਧੌਸ ਜਾਂ ਗੱਲ ਉਨੀ ਦੇਰ ਹੀ ਮੰਨਦੀ ਤੇ ਸੁਣਦੀ ਹੈ, ਜਿੰਨੀ ਦੇਰ ਉਹ ਘੱਟ ਗਿਣਤੀ 'ਚ ਹੋਵੇ ਜਾਂ ਉਸ ਦੀ ਕੋਈ ਮਜ਼ਬੂਰੀ ਹੋਵੇ, ਵਰਨਾ ਉਹ ਅਪਣੇ 24 ਸਾਲ ਪੁਰਾਣੇ ਭਾਈਵਾਲਾਂ ਨੂੰ ਵੀ ਜਾਣ ਲੱਗਿਆ ਆਵਾਜ਼ ਮਾਰ ਕੇ ਤੋੜ-ਵਿਛੋੜੇ ਦਾ ਕਾਰਨ ਪੁੱਛਣ ਦੀ ਜ਼ਰੂਰਤ ਨਹੀਂ ਸਮਝਦੀ। ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ ਸਮੇਤ ਕਈ ਸੂਬਿਆਂ 'ਚ ਭਾਜਪਾ ਅਪਣੇ ਤੇਵਰ ਵਿਖਾ ਚੁੱਕੀ ਹੈ। ਖੁਦ ਨਤੀਸ਼ ਕੁਮਾਰ ਵੀ ਭਾਜਪਾ ਦੇ ਇਸ ਰੂਪ ਦੇ ਰੂ-ਬ-ਰੂ ਹੋ ਚੁੱਕੇ ਹਨ।
BJP leadership
ਭਾਜਪਾ ਦੀਆਂ ਨਜ਼ਰਾਂ ਹੁਣ ਪੰਜਾਬ ਸਮੇਤ ਪੱਛਮੀ ਬੰਗਾਲ 'ਤੇ ਟਿੱਕ ਗਈਆਂ ਹਨ। ਖੇਤਰੀ ਪਾਰਟੀਆਂ ਦੀ ਸੱਤਾ ਵਾਲੇ ਸੂਬਿਆਂ 'ਚ ਭਾਜਪਾ ਵਿਸ਼ੇਸ਼ ਧਿਆਨ ਦੇ ਰਹੀ ਹੈ। ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦਾ ਮਾੜੇ ਸਮੇਂ ਸਾਥ ਛੱਡ ਕੇ ਭਾਜਪਾ ਅਪਣੇ ਮਨਸੂਬੇ ਜ਼ਾਹਰ ਕਰ ਚੁੱਕੀ ਹੈ। ਇਸੇ ਤਰ੍ਹਾਂ ਪੱਛਮੀ ਬੰਗਾਲ 'ਚ ਵੀ ਭਾਜਪਾ, ਖ਼ਾਸ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਵਿਸ਼ੇਸ਼ ਤਵੱਜੋਂ ਦਿਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪੱਛਮੀ ਬੰਗਾਲ 'ਚ ਭਾਜਪਾ ਮਮਤਾ ਬੈਨਰਜੀ ਸਰਕਾਰ 'ਚ ਸੰਨ ਲਾਉਣ 'ਚ ਕੁੱਝ ਹੱਦ ਤਕ ਕਾਮਯਾਬ ਹੋ ਵੀ ਚੁੱਕੀ ਹੈ।
BJP leadership
ਅਪਣੀਆਂ ਭਵਿੱਖੀ ਯੋਜਨਾਵਾਂ ਤਹਿਤ ਭਾਜਪਾ ਪੱਛਮੀ ਬੰਗਾਲ 'ਚ ਤੇਜ਼ੀ ਨਾਲ ਅਪਣਾ ਅਧਾਰ ਕਾਇਮ ਕਰਨ ਵੱਲ ਵੱਧ ਰਹੀ ਹੈ। ਜਦਕਿ ਪੰਜਾਬ 'ਚ ਕਿਸਾਨੀ ਸੰਘਰਸ਼ ਕਾਰਨ ਉਸ ਦੇ ਮਨਸੂਬੇ ਪੱਕੇ ਪੈਰੀ ਨਹੀਂ ਹੋ ਸਕੇ। ਨੇੜ ਭਵਿੱਖ 'ਚ ਭਾਜਪਾ ਕਈ ਖੇਤਰੀ ਪਾਰਟੀਆਂ ਨੂੰ ਸੀਨੀਅਰ ਤੋਂ ਜੂਨੀਅਰ ਬਣਾ ਕੇ ਹੋਲੀ ਹੋਲੀ ਖ਼ਤਮ ਕਰਨ ਵੱਲ ਵੱਧ ਰਹੀ ਹੈ। ਜੀ.ਐਸ.ਟੀ. ਸਮੇਤ ਹੋਰ ਅਨੇਕਾਂ ਮੁੱਦੇ ਹਨ ਜਿਨ੍ਹਾਂ ਜ਼ਰੀਏ ਕੇਂਦਰ ਸਰਕਾਰ ਸੂਬਿਆਂ ਦੇ ਪਰ ਕੁਤਰਨ 'ਚ ਕਾਮਯਾਬ ਹੋਈ ਹੈ। ਦੂਜੇ ਪਾਸੇ ਦੇਸ਼ ਅੰਦਰ ਇਸ ਪਿਰਤ ਨੂੰ ਪੱਕੇ-ਪੈਰੀ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਹੁਣ ਹੱਥਾਂ ਨਾਲ ਦਿਤੀਆਂ ਗੰਢਾਂ ਮੂੰਹ ਨਾਲ ਖੋਲ੍ਹਣੀਆਂ ਪੈ ਰਹੀਆਂ ਹਨ। ਕਾਂਗਰਸ ਦੇਸ਼ ਦੇ ਸੰਘੀ ਢਾਂਚੇ ਸਮੇਤ ਖੇਤਰੀ ਪਾਰਟੀਆਂ ਨੂੰ ਦਰਪੇਸ਼ ਚੁਨੌਤੀਆਂ ਦਾ ਰੌਣਾ ਰੌ ਰਹੀ ਹੈ ਪਰ ਹੁਣ ਪਛਤਾਉਣ ਤੇ ਰੌਲਾ ਪਾਉਣ ਤੋਂ ਇਲਾਵਾ ਕਾਂਗਰਸ ਪੱਲੇ ਵੀ ਕੁੱਝ ਨਹੀਂ ਪੈਣ ਵਾਲਾ ਅਤੇ ਉਸ ਨੂੰ ਅਪਣੀ ਵਜੂਦ ਦੀ ਲੜਾਈ ਲਈ ਅਜੇ ਹੋਰ ਪਸੀਨਾ ਵਹਾਉਣਾ ਪੈ ਸਕਦਾ ਹੈ।