
ਪੰਜ ਰਾਜਾਂ ਦੀਆਂ ਚੋਣਾਂ 'ਚ ਭਾਜਪਾ ਨੂੰ ਕਰਾਰਾ ਝਟਕਾ, ਤਿੰਨ ਰਾਜਾਂ ਵਿਚ ਕਾਂਗਰਸ ਦੀਆਂ ਸਰਕਾਰਾਂ ਬਣਨਗੀਆਂ..........
ਨਵੀਂ ਦਿੱਲੀ : ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਤੇ ਮਿਜ਼ੋਰਮ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜਿਆਂ ਨੇ ਸਾਢੇ ਚਾਰ ਸਾਲ ਪਹਿਲਾਂ ਚੱਲੀ 'ਮੋਦੀ ਲਹਿਰ' ਦੀ ਫੂਕ ਕੱਢ ਕੇ ਰੱਖ ਦਿਤੀ ਹੈ। ਪੰਜਾਂ ਵਿਚੋਂ ਭਾਜਪਾ ਦੇ ਗੜ੍ਹ ਮੰਨੇ ਜਾਂਦੇ ਤਿੰਨ ਸੂਬਿਆਂ ਵਿਚ ਕਾਂਗਰਸ ਦੀਆਂ ਸਰਕਾਰਾਂ ਬਣਨੀਆਂ ਨਿਸ਼ਚਿਤ ਹੋ ਗਈਆਂ ਹਨ ਕਿਉਂਕਿ ਲੋੜ ਪੈਣ 'ਤੇ ਮੱਧ ਪ੍ਰਦੇਸ਼ ਵਿਚ ਬਸਪਾ, ਸਪਾ ਦੇ ਜੇਤੂ ਮੈਂਬਰ ਅਪਣੀ ਹਮਾਇਤ ਕਾਂਗਰਸ ਨੂੰ ਹੀ ਦੇਣਗੇ। ਰਾਤ 10 ਵਜੇ ਤਕ ਕਾਂਗਰਸ ਕੋਲ ਪੂਰਨ ਬਹੁਮਤ ਨਾਲੋਂ ਇਕ ਘੱਟ ਸੀ ਜਦਕਿ ਬੀਜੇਪੀ ਦੀਆਂ 7 ਸੀਟਾਂ ਘੱਟ ਸਨ।
ਇਨ੍ਹਾਂ ਚੋਣਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦਾ ਸੈਮੀਫ਼ਾਈਨਲ ਮੰਨਿਆ ਜਾ ਰਿਹਾ ਹੈ। ਛੱਤੀਸਗੜ੍ਹ ਦੀਆਂ 90 ਸੀਟਾਂ ਵਿਚੋਂ ਕਾਂਗਰਸ ਦੇ ਖਾਤੇ ਵਿਚ 68, ਭਾਜਪਾ ਦੇ ਖਾਤੇ ਵਿਚ ਸਿਰਫ਼ 14 ਤੇ ਹੋਰਾਂ ਦੇ ਖਾਤੇ ਵਿਚ 8 ਸੀਟਾਂ ਜਾਂਦੀਆਂ ਵਿਖਾਈ ਦੇ ਰਹੀਆਂ ਹਨ। ਇਸੇ ਤਰ੍ਹਾਂ ਰਾਜਸਥਾਨ ਦੀਆਂ 199 ਸੀਟਾਂ ਵਿਚੋਂ ਕਾਂਗਰਸ ਨੂੰ 99 ਸੀਟਾਂ ਯਾਨੀ ਸਪੱਸ਼ਟ ਬਹੁਮਤ ਮਿਲ ਰਿਹਾ ਹੈ, ਭਾਜਪਾ ਕੋਲ 73 ਤੇ ਹੋਰਾਂ ਕੋਲ 27 ਸੀਟਾਂ ਆ ਰਹੀਆਂ ਹਨ।
ਤੇਲੰਗਾਨਾ ਵਿਚ ਤੇਲੰਗਾਨਾ ਰਾਸ਼ਟਰੀ ਸਮਿਤੀ ਨੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਇਥੇ ਭਾਜਪਾ ਨੂੰ 1 ਤੇ ਕਾਂਗਰਸ ਨੂੰ 21 ਸੀਟਾਂ ਮਿਲਦੀਆਂ ਵਿਖਾਈ ਦੇ ਰਹੀਆਂ ਹਨ। ਉਧਰ, ਮਿਜ਼ੋਰਮ ਦੀਆਂ 40 ਸੀਟਾਂ ਵਿਚੋਂ ਐਮਐਨਐਫ਼ ਨੂੰ 26 ਸੀਟਾਂ ਮਿਲ ਰਹੀਆਂ ਹਨ। ਇਥੇ ਭਾਜਪਾ ਨੂੰ ਇਕ ਤੇ ਕਾਂਗਰਸ ਨੂੰ ਪੰਜ ਸੀਟਾਂ ਮਿਲ ਰਹੀਆਂ ਹਨ।