
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਿੱਲੀ ਵਿਚ 'ਕੂੜੇ ਦੇ ਪਹਾੜ' ਸੰਕੇਤ ਦੇ ਰਹੇ ਹਨ ਕਿ ਰਾਜਧਾਨੀ ਗੰਭੀਰ ਹਾਲਾਤ ਦਾ ਸਾਹਮਣਾ ਕਰ ਰਹੀ ਹੈ...........
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਿੱਲੀ ਵਿਚ 'ਕੂੜੇ ਦੇ ਪਹਾੜ' ਸੰਕੇਤ ਦੇ ਰਹੇ ਹਨ ਕਿ ਰਾਜਧਾਨੀ ਗੰਭੀਰ ਹਾਲਾਤ ਦਾ ਸਾਹਮਣਾ ਕਰ ਰਹੀ ਹੈ। ਨਾਲ ਹੀ ਅਦਾਲਤ ਨੇ ਪੱਕੇ ਕੂੜਾ ਪ੍ਰਬੰਧ ਦੇ ਮਾਮਲੇ ਵਿਚ ਢੁਕਵੀਂ ਕਾਰਵਾਈ ਨਾ ਕਰਨ 'ਤੇ ਉਪ ਰਾਜਪਾਲ ਨੂੰ ਆੜੇ ਹੱਥੀਂ ਲਿਆ। ਜੱਜ ਮਦਨ ਬੀ ਲੋਕੂ ਅਤੇ ਜੱਜ ਦੀਪਕ ਗੁਪਤਾ ਦੇ ਬੈਂਚ ਨੇ ਕੂੜਾ ਇਕੱਤਰੀਕਰਨ ਵਾਲੀਆਂ ਤਿੰਨ ਥਾਵਾਂ ਗਾਜ਼ੀਪੁਰ, ਓਖਲਾ ਅਤੇ ਭਲਸਵਾ ਵਿਚ 'ਕੂੜੇ ਦੇ ਪਹਾੜਾਂ' ਦਾ ਜ਼ਿਕਰ ਕਰਦਿਆਂ ਕਿਹਾ ਕਿ ਉਪ ਰਾਜਪਾਲ ਦਫ਼ਤਰ ਸਮੇਤ ਹੋਰਾਂ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਅਤੇ ਇਸ ਕਾਰਨ ਦਿੱਲੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।
ਉਪ ਰਾਜਪਾਲ ਦਫ਼ਤਰ ਅਤੇ ਦਿੱਲੀ ਸਰਕਾਰ ਨੇ ਬੈਂਚ ਨੂੰ ਕਿਹਾ ਕਿ ਪੱਕਾ ਕੂੜਾ ਪ੍ਰਬੰਧ ਦੇ ਮਸਲੇ ਨਾਲ ਸਿੱਝਣ ਦੀ ਜ਼ਿੰਮੇਵਾਰੀ ਨਗਰ ਨਿਗਮਾਂ ਦੀ ਹੈ ਜਿਸ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਅਦਾਲਤ ਨੇ ਕਿਹਾ, 'ਇਹ ਗੱਲ ਜ਼ਿੰਮੇਵਾਰੀ ਦੂਜੇ ਉਤੇ ਸੁੱਟਣ ਤੋਂ ਬਿਨਾਂ ਹੋਰ ਕੁੱਝ ਨਹੀਂ।' ਬੈਂਚ ਨੇ ਪੱਕੇ ਕੂੜਾ ਪ੍ਰਬੰਧ ਬਾਰੇ ਸਰਕਾਰ ਦੀ ਨੀਤੀ ਨੂੰ ਆਦਰਸ਼ਵਾਦੀ ਦਸਿਆ ਅਤੇ ਕਿਹਾ ਕਿ ਇਸ ਨੂੰ ਲਾਗੂ ਕਰਨਾ ਸ਼ਾਇਦ ਅਸੰਭਵ ਹੋਵੇ
ਕਿਉਂਕਿ ਪੂਰਬੀ ਦਿੱਲੀ ਨਗਰ ਨਗਮ ਅਤੇ ਉੱਤਰੀ ਦਿੱਲੀ ਨਗਰ ਨਿਗਮ ਕੋਲ ਅਪਣੇ ਹੀ ਰੋਜ਼ਾਨਾ ਦੇ ਕੰਮ ਕਰਨ ਲਈ ਪੈਸਾ ਨਹੀਂ ਹੈ। ਇਸ ਨੀਤੀ ਨੂੰ ਉਪ ਰਾਜਪਾਲ ਦਫ਼ਤਰ ਨੇ ਤਿਆਰ ਕੀਤਾ ਹੈ। ਉਪ ਰਾਜਪਾਲ ਦੀ ਆਲੋਚਨਾ ਕਰਦਿਆਂ ਬੈਂਚ ਨੇ ਕਿਹਾ ਕਿ ਇਸ ਮਸਲੇ 'ਤੇ 25 ਬੈਠਕਾਂ ਕਰਨ ਮਗਰੋਂ ਵੀ ਦਿੱਲੀ ਕੂੜੇ ਦੇ ਪਹਾੜਾਂ ਹੇਠ ਹੈ। ਉਪ ਰਾਜਪਾਲ ਦਫ਼ਤਰ ਨੂੰ 16 ਜੁਲਾਈ ਤਕ ਹਲਫ਼ਨਾਮਾ ਦਾਖ਼ਲ ਕਰਨ ਦਾ ਨਿਰਦੇਸ਼ ਦਿਤਾ ਗਿਆ ਹੈ। (ਏਜੰਸੀ)