
ਲੋਕਾਂ ਨੂੰ ਮੁਫ਼ਤ ਮਾਸਕ ਵੰਡੇਗੀ ਦਿੱਲੀ ਸਰਕਾਰ
ਨਵੀਂ ਦਿੱਲੀ : ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ 'ਚ ODD-EVEN (ਜਿਸਤ-ਟਾਂਕ) ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਦਿੱਲੀ 'ਚ ਦੀਵਾਲੀ ਤੋਂ ਬਾਅਦ 4 ਨਵੰਬਰ ਤੋਂ 15 ਨਵੰਬਰ ਤਕ ਜਿਸਤ-ਟਾਂਕ ਫ਼ਾਰਮੂਲਾ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦਿੱਲੀ ਵਾਲਿਆਂ ਨੂੰ ਇਸ ਦੌਰਾਨ ਮਾਸਕ ਵੀ ਦਿੱਤੇ ਜਾਣਗੇ। ਇਹ ਮਾਸਕ (N-95) ਲੋਕਾਂ ਨੂੰ ਅਕਤੂਬਰ ਮਹੀਨੇ 'ਚ ਹੀ ਮੁਫ਼ਤ ਉਪਲੱਬਧ ਕਰਵਾ ਦਿੱਤੇ ਜਾਣਗੇ।
Odd-Even to be back in Delhi during 4-15 November
ਕੇਜਰੀਵਾਲ ਨੇ ਦੱਸਿਆ ਕਿ ਛੁੱਟੀ ਵਾਲੇ ਦਿਨ ਜਿਸਤ-ਟਾਂਕ ਫ਼ਾਰਮੂਲੇ 'ਚ ਛੋਟ ਮਿਲੇਗੀ। ਸ਼ਹਿਰ ਦੇ ਹਰੇਕ ਵਾਰਡ 'ਚ ਕੂੜਾ ਸਾੜਨ ਤੋਂ ਰੋਕਣ ਲਈ ਦੋ-ਦੋ ਇਨਵਾਇਰਮੈਂਟ ਮਾਰਸ਼ਲ ਤਾਇਨਾਤ ਕੀਤੇ ਜਾਣਗੇ। ਪੌਦੇ ਲਗਾਉਣ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 15 ਨਵੰਬਰ ਤੋਂ ਬਾਅਦ ਜਦੋਂ ਪਰਾਲੀ ਦਾ ਪ੍ਰਦੂਸ਼ਣ ਘੱਟ ਹੋ ਜਾਵੇਗਾ ਤਾਂ ਦੋ ਪਲਾਨ (ਦੀਵਾਲੀ ਅਤੇ ਜਿਸਤ-ਟਾਂਕ) ਹਟਾਏ ਜਾਣਗੇ। ਇਸ ਤੋਂ ਬਾਅਦ ਦਿੱਲੀ 'ਚ ਵਿੰਟਰ ਐਕਸ਼ਨ ਪਲਾਨ ਲਾਗੂ ਰਹੇਗਾ। ਦਿੱਲੀ ਸਰਕਾਰ ਨੇ ਜਨਵਰੀ 2016 ਅਤੇ ਅਪ੍ਰੈਲ 2016 'ਚ ਜਿਸਤ-ਟਾਂਕ ਫ਼ਾਰਮੂਲਾ ਲਾਗੂ ਕੀਤਾ ਸੀ। ਦਿੱਲੀ 'ਚ ਕੁਲ ਪ੍ਰਦੂਸ਼ਣ 'ਚ 25 ਤੋਂ 30% ਹਿੱਸਾ ਗੱਡੀਆਂ ਤੋਂ ਨਿਕਲਣ ਵਾਲੇ ਧੂੰਏਂ ਦਾ ਹੈ।
Arvind Kejriwal
ਕੇਜਰੀਵਾਲ ਨੇ ਲੋਕਾਂ ਨੂੰ ਪਟਾਕੇ ਮੁਕਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਛੋਟੀ ਦੀਵਾਲੀ 'ਤੇ ਇਕ ਲੇਜ਼ਰ ਸ਼ੋਅ ਦਾ ਆਯੋਜਨ ਕਰੇਗੀ। ਇਸ ਪ੍ਰੋਗਰਾਮ 'ਚ ਪੂਰੀ ਦਿੱਲੀ ਇਕੱਠੀ ਦੀਵਾਲੀ ਮਨਾਏਗੀ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਦੂਸ਼ਣ ਘੱਟ ਕਰਨ ਦੇ ਕਈ ਫ਼ੈਸਲੇ ਲਏ ਗਏ ਹਨ। ਪ੍ਰਦੂਸ਼ਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ 'ਚ ਮੁਹਿੰਮ ਚੱਲਣਗੀਆਂ। ਪੌਦੇ ਲਗਾਉਣ ਲਈ ਲੰਮੀ ਮੁਹਿੰਮ ਚੱਲੇਗੀ, ਜਿਸ 'ਚ ਰੁੱਖਾਂ ਦੀ ਹੋਮ ਡਿਲੀਵਰੀ ਕੀਤੀ ਜਾਵੇਗੀ।
Odd-Even to be back in Delhi during 4-15 November
ਮੁੱਖ ਮੰਤਰੀ ਨੇ ਦੱਸਿਆ ਕਿ ਰਾਜਧਾਨੀ 'ਚ ਛੇਤੀ ਹੀ ਇਲੈਕਟ੍ਰਿਕ ਵਾਹਨ ਪਾਲਸੀ ਲਾਗੂ ਕੀਤੀ ਜਾਵੇਗੀ। ਇਹ ਦੇਸ਼ ਦੀ ਸਭ ਤੋਂ ਵਧੀਆ ਇਲੈਕਟ੍ਰਿਕ ਵਾਹਨ ਪਾਲਸੀ ਹੋਵੇਗੀ। ਇਸ ਤੋਂ ਇਲਾਵਾ 1000 ਇਲੈਕਟ੍ਰਿਕ ਬਸਾਂ ਸ਼ੁਰੂ ਹੋਣਗੀਆਂ। ਦਿੱਲੀ ਸਰਕਾਰ ਵੱਲੋਂ ਵਾਤਾਵਰਣ ਵਾਰ ਰੂਮ ਬਣਾਏ ਜਾਣਗੇ, ਜਿਥੇ ਕੋਈ ਵੀ ਜੇ ਸ਼ਿਕਾਇਤ ਕਰੇਗਾ ਤਾਂ ਵਾਤਾਵਰਣ ਨਾਲ ਸਬੰਧਤ ਹਰ ਸਮੱਸਿਆ ਦਾ ਨਿਪਟਾਰਾ ਕੀਤਾ ਜਾਵੇਗਾ।