
ਠਾਕਰੇ ਨੇ ਕੀਤੀ ਕਾਂਗਰਸ ਆਗੂਆਂ ਨਾਲ ਮੁਲਾਕਾਤ
ਮੁੰਬਈ : ਸ਼ਿਵ ਸੈਨਾ ਆਗੂ ਊਧਵ ਠਾਕਰੇ ਨੇ ਮਹਾਰਾਸ਼ਟਰ ਕਾਂਗਰਸ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਰਾਜ ਵਿਚ ਸਰਕਾਰ ਦੀ ਕਾਇਮੀ ਲਈ ਗੱਲਬਾਤ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ ਅਤੇ ਢੁਕਵੇਂ ਸਮੇਂ 'ਤੇ ਫ਼ੈਸਲਾ ਕੀਤਾ ਜਾਵੇਗਾ। ਉਧਰ, ਮਹਾਰਾਸ਼ਟਰ ਕਾਂਗਰਸ ਦੇ ਮੁਖੀ ਬਾਲਾਸਾਹਿਬ ਥੋਰਾਟ ਨੇ ਠਾਕਰੇ ਨਾਲ ਬੈਠਕ ਨੂੰ ਸ਼ਿਸ਼ਟਾਚਾਰ ਮੁਲਾਕਾਤ ਦਸਿਆ ਅਤੇ ਕਿਹਾ ਕਿ ਉਹ ਮਿਲ ਰਹੇ ਹਨ ਤੇ ਇਹ ਅਪਣੇ ਆਪ ਵਿਚ ਹਾਂਪੱਖੀ ਕਦਮ ਹੈ। ਠਾਕਰੇ ਨੇ ਉਪਨਗਰ ਦੇ ਹੋਟਲ ਵਿਚ ਥੋਰਾਟ, ਰਾਜ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਅਤੇ ਸੀਨੀਅਰ ਕਾਂਗਰਸ ਆਗੂ ਮਾਨਿਕ ਰਾਉ ਠਾਕਰੇ ਨਾਲ ਮੁਲਾਕਾਤ ਕੀਤੀ।
Uddhav Thackeray
ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਹੋਣ ਦੇ ਇਕ ਦਿਨ ਮਗਰੋਂ ਇਹ ਬੈਠਕ ਲਗਭਗ ਇਕ ਘੰਟੇ ਤਕ ਚੱਲੀ। ਠਾਕਰੇ ਨੇ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਸੱਭ ਕੁੱਝ ਠੀਕ ਚੱਲ ਰਿਹਾ ਹੈ ਅਤੇ ਗੱਲਬਾਤ ਸਹੀ ਦਿਸ਼ਾ ਵਿਚ ਚੱਲ ਰਹੀ ਹੈ।' ਥੋਰਾਟ ਨੇ ਕਿਹਾ ਕਿ ਐਨਸੀਪੀ ਨੇ ਘੱਟੋ ਘੱਟ ਸਾਂਝਾ ਪ੍ਰੋਗਰਾਮ ਤੈਅ ਕਰਨ ਲਈ ਬਣਾਈ ਜਾਣ ਵਾਲੀ ਸਾਂਝੀ ਕਮੇਟੀ ਵਾਸਤੇ ਅਪਣੇ ਪੰਜ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਕਾਂਗਰਸ ਵੀ ਛੇਤੀ ਹੀ ਅਪਣੇ ਮੈਂਬਰ ਨਾਮਜ਼ਦ ਕਰੇਗੀ।
Maharashtra : Uddhav Thackeray meeting Congress leaders
ਉਨ੍ਹਾਂ ਕਿਹਾ ਕਿ ਕਾਂਗਰਸ ਉਮੀਦ ਕਰਦੀ ਹੈ ਕਿ ਵਿਚਾਰ-ਚਰਚਾ ਛੇਤੀ ਖ਼ਤਮ ਹੋਵੇ। ਕਾਂਗਰਸ ਆਗੂ ਪ੍ਰਿਥਵੀਰਾਜ ਚਵਾਨ ਨੇ ਕਿਹਾ ਕਿ ਤਿੰਨਾਂ ਪਾਰਟੀਆਂ ਵਿਚਾਲੇ ਗੱਲਬਾਤ ਤਿੰਨਾਂ ਪਾਰਟੀਆਂ ਦੇ ਆਗੂਆਂ ਦੁਆਰਾ ਘੱਟੋ ਘੱਟ ਸਾਂਝਾ ਪ੍ਰੋਗਰਾਮ ਪ੍ਰਵਾਨ ਕੀਤੇ ਜਾਣ ਮਗਰੋਂ ਹੀ ਸ਼ੁਰੂ ਹੋਵੇਗੀ।
Sharad Pawar
ਸੂਤਰਾਂ ਮੁਤਾਬਕ ਸ਼ਿਵ ਸੈਨਾ ਨਾਲ ਗਠਜੋੜ ਸਬੰਧੀ ਐਨਸੀਪੀ ਤੇ ਕਾਂਗਰਸ ਦੀ ਬੈਠਕ ਅਗਲੇ ਤਿੰਨ-ਚਾਰ ਦਿਨਾਂ ਵਿਚ ਦਿੱਲੀ ਵਿਚ ਹੋ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਐਨਸੀਪੀ ਮੁਖੀ ਸ਼ਰਦ ਪਵਾਰ ਕਾਂਗਰਸ ਨਾਲ ਬੈਠਕ ਕਰਨਗੇ ਅਤੇ ਬੈਠਕ ਵਿਚ ਚਰਚਾ ਹੋਵੇਗੀ ਕਿ ਅਗਲੀ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਦਾ ਸਮਰਥਨ ਕੀਤਾ ਜਾਂਦਾ ਹੈ ਤਾਂ ਕਿਹੜੀਆਂ ਨੀਤੀਆਂ ਹੋਣੀਆਂ ਚਾਹੀਦੀਆਂ ਹਨ।