
ਸੰਸਕ੍ਰਿਤ ਬੋਲਣ ਨਾਲ ਬਿਮਾਰੀਆਂ ਹੁੰਦੀਆਂ ਨੇ ਦੂਰ
ਨਵੀਂ ਦਿੱਲੀ : ਸਿਆਸੀ ਪਾਰਟੀਆਂ ਦੇ ਆਗੂਆਂ ਦੇ ਹੈਰਾਨੀਜਨਕ ਬਿਆਨ ਥੰਮਣ ਦਾ ਨਾਂ ਨਹੀਂ ਲੈ ਰਹੇ। ਅਜਿਹਾ ਹੀ ਬਿਆਨ ਭਾਜਪਾ ਦੇ ਸੰਸਦ ਮੈਂਬਰ ਗਨੇਸ਼ ਸਿੰਘ ਨੇ ਦਿਤਾ ਹੈ। ਅਮਰੀਕਾ ਦੀ ਖੋਜ ਸੰਸਥਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੰਸਕ੍ਰਿਤ ਬੋਲਣ ਨਾਲ ਡਾਇਬਟੀਜ਼ ਤੇ ਕੈਲਸਟਰੋਲ ਦੀ ਬਿਮਾਰੀ ਠੀਕ ਹੋ ਜਾਂਦੀ ਹੈ। ਸੰਸਦ ਮੈਂਬਰ ਦਾ ਦਾਅਵਾ ਹੈ ਕਿ ਸੰਸਕ੍ਰਿਤ ਬੋਲਣ ਨਾਲ ਨਰਵਸ ਸਿਸਟਮ ਵੀ ਮਜਬੂਤ ਹੁੰਦਾ ਹੈ।
Photoਇਹ ਬਿਆਨ ਉਨ੍ਹਾਂ ਨੇ ਸੰਸਕ੍ਰਿਤ ਯੂਨੀਵਰਸਿਟੀ ਬਿੱਲ 'ਚ ਬਹਿਸ਼ ਦੌਰਾਨ ਦਿਤਾ। ਨਾਸਾ ਦੀ ਖੋਜ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸੰਸਕ੍ਰਿਤ ਵਿਚ ਕੰਪਿਊਟਰ ਪ੍ਰੋਗਰਾਮ ਕਰਨ ਨਾਲ ਕੋਈ ਗ਼ਲਤੀ ਨਹੀਂ ਹੋਵੇਗੀ। ਉਨ੍ਹਾਂ ਦਸਿਆ ਕਿ ਦੁਨੀਆਂ ਦੀਆਂ 97 ਫ਼ੀਸਦੀ ਭਾਸ਼ਾਵਾਂ ਸੰਸਕ੍ਰਿਤ 'ਤੇ ਅਧਾਰਿਤ ਹਨ ਜਿਸ ਵਿਚ ਕੁੱਝ ਇਸਲਾਮੀ ਭਾਸ਼ਾਵਾਂ ਵੀ ਸ਼ਾਮਲ ਹਨ।
Photoਦੱਸ ਦਈਏ ਕਿ ਕਿਸੇ ਸੰਸਦ ਮੈਂਬਰ ਦਾ ਅਜਿਹਾ ਬਿਆਨ ਪਹਿਲੀ ਵਾਰ ਨਹੀਂ ਆਇਆ। ਇਸ ਤੋਂ ਪਹਿਲਾਂ ਵੀ ਸੰਸਦ ਮੈਂਬਰ ਅਜੀਬ ਕਿਸਮ ਦੇ ਬਿਆਨ ਦੇ ਚੁੱਕੇ ਹਨ। ਇਕ ਸੰਸਦ ਮੈਂਬਰ ਨੇ ਤਾਂ ਇੱਥੋਂ ਤਕ ਕਹਿ ਦਿਤਾ ਸੀ ਕਿ ਭਾਰਤੀ ਗਾਵਾਂ ਵਿਚ ਇਕ ਖ਼ਾਸ ਕਿਸਮ ਦੀ ਵਿਸ਼ੇਸ਼ਤਾ ਪਾਈ ਜਾਂਦੀ ਹੈ। ਇਨ੍ਹਾਂ ਗਾਂਵਾਂ ਦੇ ਦੁੱਧ ਵਿਚ ਸੋਨਾ ਮਿਲਿਆ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਦੇ ਦੁੱਧ ਦਾ ਰੰਗ ਸੁਨਹਿਰਾ ਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਭਾਰਤੀ ਗਾਵਾਂ ਦੇ ਦੁੱਧ ਪੀਣ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
Photoਇਸੇ ਤਰ੍ਹਾਂ ਬੇਗੂਸਰਾਏ ਤੋਂ ਭਾਜਪਾ ਦੇ ਸੰਸਦ ਮੈਂਬਰ ਗਿਰੀਰਾਜ ਸਿੰਘ ਵੀ ਗਾਂ 'ਤੇ ਬਿਆਨ ਦੇ ਕੇ ਸੁਰਖੀਆਂ ਬਟੋਰ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿਚ ਅਜਿਹੀ ਤਕਨੀਕ ਵਿਕਸਤ ਕਰ ਲਈ ਜਾਵੇਗੀ ਜਿਸ ਨਾਲ ਗਾਂ ਦੀ ਕੁੱਖੋਂ ਵੱਛੀਆਂ ਹੀ ਪੈਦਾ ਹੋਣਗੀਆਂ।