
ਕਿਹਾ ਕਿ ਜੋ ਲੋਕ ਕਿਸਾਨ ਦੇ ਨਾਮ ’ਤੇ ਅੰਦੋਲਨ ਕਰ ਰਹੇ ਹਨ, ਉਹ ਕਿਸਾਨ ਹੈ ਨਹੀਂ
ਸੀਕਰ : ਹਮੇਸ਼ਾ ਅਪਣੇ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ ਵਿਚ ਰਹਿਣ ਵਾਲੇ ਉਨਾਵ ਤੋਂ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਇਕ ਵਾਰ ਮੁਡ ਤੋਂ ਵਿਵਾਦਿਤ ਬਿਆਨ ਦਿਤਾ ਹੈ। ਸਾਕਸ਼ੀ ਮਹਾਰਾਜ ਨੇ ਦਿੱਲੀ ’ਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਖ਼ਾਲਿਸਤਾਨੀ ਅਤੇ ਅਤਿਵਾਦੀ ਦਸਿਆ ਹੈ।
Sakshi maharaj
ਦਰਅਸਲ, ਸਾਕਸ਼ੀ ਮਹਾਰਾਜ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਕਸਬੇ ’ਚ ਨਿਜੀ ਦੌਰੇ ’ਤੇ ਆਏ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਲੋਕ ਕਿਸਾਨ ਦੇ ਨਾਮ ’ਤੇ ਅੰਦੋਲਨ ਕਰ ਰਹੇ ਹਨ, ਉਹ ਕਿਸਾਨ ਹੈ ਨਹੀਂ। ਉਹ ਤਾਂ ਖ਼ਾਲਿਸਤਾਨੀ ਜਾਂ ਫਿਰ ਅਤਿਵਾਦੀ ਹਨ। ਸਾਕਸ਼ੀ ਮਹਾਰਾਜ ਇਥੇ ਹੀ ਨਹੀਂ ਰੁੱਕੇ, ਉਨ੍ਹਾਂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਦਲਾਲ ਤਕ ਆਖ ਦਿਤਾ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਸਿਰਫ਼ ਤਮਾਸ਼ਾ ਹੋ ਰਿਹਾ ਹੈ।
Sakshi Maharaj
ਸਾਕਸ਼ੀ ਮਹਾਰਾਜ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਅਪਣਾ ਸੁਆਰਥ ਪੂਰਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ ਕਿ ਰਾਕੇਸ਼ ਟਿਕੈਤ ਸਾਡੇ ਉਮੀਦਵਾਰ ਦੇ ਸਾਹਮਣੇ ਚੋਣ ਲੜੇ ਸਨ ਅਤੇ ਪੂਰੇ 9000 ਵੋਟਾਂ ਵੀ ਨਹੀਂ ਲੈ ਸਕੇ ਅਤੇ ਉਹ ਧਰਤੀ ਤਲਾਸ਼ਣ ਲਈ ਕਿਸਾਨ ਅੰਦੋਲਨ ਦੇ ਨਾਂ ’ਤੇ ਖੜੇ ਹੋ ਗਏ ਹਨ। ਉਹ ਰਾਜਸਥਾਨ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨਾਲ ਮਿਲ ਕੇ ਸਿਰਫ਼ ਅਪਣਾ ਸੁਆਰਥ ਪੂਰਾ ਕਰ ਰਹੇ ਹਨ।
Sakshi Maharaj
ਸਾਕਸ਼ੀ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਰੌਲਾ ਪਾ ਰਿਹਾ ਹੈ ਕਿ ‘ਕਾਲਾ ਕਾਨੂੰਨ’ ਪਰ ਇਹ ਨਹੀਂ ਦੱਸ ਰਿਹਾ ਹੈ ਕਿ ਕਾਲਾ ਹੈ ਕੀ? ਵਿਰੋਧੀ ਧਿਰ ਕੋਲ ਕੋਈ ਹੋਰ ਮੁੱਦਾ ਨਹੀਂ ਹੈ। ਦਸਣਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਪਿਛਲੇ ਸਾਢੇ 3 ਮਹੀਨਿਆਂ ਤੋਂ ਡਟੇ ਹੋਏ ਹਨ।