
ਕੇਰਲ 'ਚ ਇੱਕ ਹੋਟਲ ਦਾ ਮਾਲਕ ਹੈ ਇਤਾਲਵੀ ਜੋੜਾ
ਤਿਰੁਵਨੰਤਪੁਰਮ - ਜਦੋਂ ਇਤਾਲਵੀ ਜੋੜੇ ਮੌਰੋ ਸਰਾਂਦਰੀਆ ਅਤੇ ਮਰੀਨਾ ਮੈਟਿਓਲੀ ਨੇ ਹਿੰਦੀ ਬੋਲਣਾ ਸਿੱਖਣ ਲਈ ਕਲਾਸਾਂ ਸ਼ੁਰੂ ਕੀਤੀਆਂ, ਤਾਂ ਉਨ੍ਹਾਂ ਦਾ ਮਕਸਦ ਸਿਰਫ਼ ਕੋਵਲਮ ਵਿੱਚ ਆਪਣੀ ਮਲਕੀਅਤ ਵਾਲੇ ਹੋਟਲ ਪੈਰਾਦੇਸ਼ ਇੰਨ ਵਿੱਚ ਆਉਣ ਵਾਲੇ ਉੱਤਰ ਭਾਰਤੀ ਗਾਹਕਾਂ ਨਾਲ ਗੱਲਬਾਤ ਕਰਨ ਤੱਕ ਸੀਮਤ ਸੀ। ਪਰ ਜਿਵੇਂ-ਜਿਵੇਂ ਹਿੰਦੀ ਸਿੱਖਣ ਦਾ ਸਿਲਸਿਲਾ ਅੱਗੇ ਵਧਦਾ ਗਿਆ, ਇਹ ਸਿਖਲਾਈ ਸਿਰਫ਼ ਗਾਹਕਾਂ ਤੱਕ ਸੀਮਤ ਨਹੀਂ ਰਹੀ। ਹਿੰਦੀ ਬੋਲਣਾ ਤੇ ਲਿਖਣਾ ਸਿੱਖ ਕੇ ਉਨ੍ਹਾਂ ਨੇ ਕਾਟਨ ਹਿੱਲ ਸਕੂਲ ਵਿੱਚ ਹਿੰਦੀ ਪ੍ਰਧਮਾ ਕੋਰਸ ਦੀ ਪ੍ਰੀਖਿਆ ਦਿੱਤੀ।
ਇਹ ਇੱਕ ਵਿਦੇਸ਼ੀ ਜੋੜੇ ਦੀ ਕਹਾਣੀ ਹੈ, ਜਿਨ੍ਹਾਂ ਦਾ ਪਿਆਰ ਪਾਸਤਾ ਤੋਂ ਚਪਾਤੀ, ਚੌਲ ਅਤੇ ਚਟਨੀ ਤੱਕ ਪਹੁੰਚ ਗਿਆ।
"ਭਾਰਤ ਲਈ ਸਾਡਾ ਪਿਆਰ ਇਸ ਦੇ ਵੱਖ-ਵੱਖ ਧਾਰਮਿਕ ਅਤੇ ਪ੍ਰਾਚੀਨ ਗ੍ਰੰਥਾਂ ਨੂੰ ਸਮਝਣ ਤੋਂ ਬਾਅਦ ਵਧਦਾ ਚਲਾ ਗਿਆ। ਸਾਡਾ ਮੰਨਣਾ ਹੈ ਕਿ ਇਹਨਾਂ ਗ੍ਰੰਥਾਂ ਵਿਚਲੇ ਗਿਆਨ ਨੂੰ ਅਕਸਰ ਵਿਦੇਸ਼ਾਂ ਵਿੱਚ ਕਮਜ਼ੋਰ ਸਮਝਿਆ ਜਾਂਦਾ ਹੈ ਅਤੇ ਅਣਡਿੱਠ ਕੀਤਾ ਜਾਂਦਾ ਹੈ।"
ਮੇਰੀ ਪਤਨੀ ਨੂੰ ਹਿੰਦੀ ਭਾਸ਼ਾ ਦੀ ਬਿਹਤਰ ਸਮਝ ਹੈ, ਕਿਉਂਕਿ ਉਹ 1978 ਤੋਂ 1988 ਤੱਕ ਉਹ ਉੱਤਰੀ ਭਾਰਤ ਦੇ ਇੱਕ ਆਸ਼ਰਮ ਵਿੱਚ ਰਹਿੰਦੀ ਰਹੀ ਹੈ, ਜਦੋਂ ਉਹ ਸਿਰਫ਼ 18 ਸਾਲਾਂ ਦੀ ਸੀ। ਸਾਨੂੰ ਕਦੇ ਵੀ ਭਾਸ਼ਾ ਸਿੱਖਣ ਵਿੱਚ ਦਾ ਮੌਕਾ ਨਹੀਂ ਮਿਲਿਆ। ਕਿਉਂਕਿ ਹੁਣ ਅਸੀਂ ਇਸ ਉਮਰ 'ਚ ਹੋਰ ਇੰਤਜ਼ਾਰ ਨਹੀਂ ਕਰ ਸਕਦੇ, ਇਸ ਲਈ ਅਸੀਂ ਸੋਚਿਆ ਜੇਕਰ ਇਹ ਹੁਣ ਨਾ ਹੋਇਆ ਤਾਂ ਕਦੇ ਨਹੀਂ ਹੋਵੇਗਾ।" 63 ਸਾਲਾ ਮੌਰੋ ਨੇ ਕਿਹਾ।
ਉਨ੍ਹਾਂ ਨੂੰ ਭਾਰਤ ਨਾਲ ਐਨਾ ਪਿਆਰ ਹੋ ਗਿਆ ਹੈ ਕਿ ਉਹ ਹੁਣ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਕਦਮ ਵਧਾਉਣ ਲੱਗੇ ਹਨ। ਇਹ ਜੋੜਾ ਸ਼੍ਰੀ ਕ੍ਰਿਸ਼ਨ ਦਾ ਭਗਤ ਹੈ, ਅਤੇ ਇਸ ਦੇਸ਼ ਦੇ ਲੋਕਾਂ, ਪਕਵਾਨਾਂ ਤੋਂ ਲੈ ਕੇ ਸੱਭਿਆਚਾਰ ਤੱਕ, ਸਭ ਕੁਝ ਉਨ੍ਹਾਂ ਨੂੰ ਬਹੁਤ ਪਸੰਦ ਹੈ।
“ਸਾਨੂੰ ਇੱਥੇ ਸਥਾਪਿਤ ਹੋਈਆਂ ਨੂੰ 18 ਸਾਲ ਹੋ ਚੁੱਕੇ ਹਨ। ਮੈਨੂੰ ਯਾਦ ਹੈ ਕਿ ਪਿਛਲੀ ਵਾਰ ਮੈਂ ਇਟਲੀ ਲਗਭਗ ਸੱਤ ਸਾਲ ਪਹਿਲਾਂ ਛੁੱਟੀਆਂ ਮਨਾਉਣ ਲਈ ਗਿਆ ਸੀ। ਉਸ ਯਾਤਰਾ ਦੇ ਪੰਜਵੇਂ ਹੀ ਦਿਨ ਅਸੀਂ ਇੱਕ ਦੂਜੇ ਨੂੰ ਕਹਿ ਦਿੱਤਾ ਸੀ ਕਿ ਸਾਨੂੰ ਆਪਣੇ ਘਰ ਭਾਰਤ ਵਾਪਸ ਜਾਣਾ ਚਾਹੀਦਾ ਹੈ।" ਮੌਰੋ ਨੇ ਕਿਹਾ।
ਇਟਲੀ ਤੋਂ ਹੋਣ ਕਰਕੇ, ਪਾਸਤਾ ਮੈਨੂੰ ਸੁਭਾਵਿਕ ਤੌਰ 'ਤੇ ਪਸੰਦ ਹੈ, ਪਰ ਮੈਨੂੰ ਭਾਰਤੀ ਭੋਜਨ ਵੀ ਪਸੰਦ ਹੈ, ਖ਼ਾਸ ਕਰਕੇ ਮੇਰੀ ਪਤਨੀ ਦੇ ਬਣਾਏ ਚਾਵਲ ਤੇ ਚਟਨੀ। ਭਾਰਤ ਨੂੰ ਪਿਆਰ ਨਾ ਕਰਨਾ ਅਸੰਭਵ ਹੈ।" ਮੌਰੋ ਨੇ ਅੱਗੇ ਕਿਹਾ।
ਹਿੰਦੀ ਪ੍ਰਚਾਰ ਸਭਾ ਤਿਰੁਵਨੰਤਪੁਰਮ ਦੇ ਸਕੱਤਰ ਐਡਵੋਕੇਟ ਮਧੂ ਬੀ ਨੇ ਕਿਹਾ ਕਿ ਮੌਰੋ ਅਤੇ ਮਰੀਨਾ ਸੂਬੇ ਵਿੱਚ ਹਿੰਦੀ ਦੀ ਇਹ ਪ੍ਰੀਖਿਆ ਦੇਣ ਵਾਲੇ ਪਹਿਲੇ ਵਿਦੇਸ਼ੀ ਸਨ।
"ਸ਼ੁਰੂਆਤ 'ਚ ਉਹ ਹਿੰਦੀ ਬੋਲਣ ਦੀਆਂ ਕਲਾਸਾਂ ਲਗਾਉਣ ਲਈ ਹੀ ਆਏ ਸੀ, ਜਿਸ ਨਾਲ ਉਨ੍ਹਾਂ ਨੂੰ ਆਪਣੇ ਹੋਟਲ 'ਚ ਆਉਣ ਵਾਲੇ ਉੱਤਰ ਭਾਰਤੀ ਗਾਹਕਾਂ ਨਾਲ ਗੱਲ ਕਰਨ 'ਚ ਅਸਾਨੀ ਹੁੰਦੀ। ਪਰ ਕੁਝ ਸਮਾਂ ਪੜ੍ਹਨ ਤੋਂ ਬਾਅਦ, ਉਨ੍ਹਾਂ ਨੇ ਇਮਤਿਹਾਨ ਵਿੱਚ ਆਪਣਾ ਹੱਥ ਅਜ਼ਮਾਉਣਾ ਚਾਹਿਆ ਅਤੇ ਤਿਆਰੀ ਲਈ ਸਿਰਫ਼ ਸਾਢੇ ਤਿੰਨ ਮਹੀਨੇ ਹੋਣ ਦੇ ਬਾਵਜੂਦ, ਉਨ੍ਹਾਂ ਨੇ ਬਹੁਤ ਸਮਰਪਿਤ ਭਾਵਨਾ ਨਾਲ ਤਿਆਰੀ ਕੀਤੀ।
ਸਾਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਭਾਰਤ ਤੋਂ ਬਾਹਰ ਦੇ ਕਿਸੇ ਵਿਅਕਤੀ ਨੂੰ ਸਾਡੀ ਪ੍ਰਮੁੱਖ ਭਾਸ਼ਾਵਾਂ ਵਿੱਚੋਂ ਇੱਕ ਨੂੰ ਸਿੱਖਣ ਵਿੱਚ ਬਹੁਤ ਦਿਲਚਸਪੀ ਸੀ, ਅਤੇ ਅਸੀਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ।" ਮਧੂ ਨੇ ਕਿਹਾ।